ਨਵੀਂ ਦਿੱਲੀ, 4 ਨਵੰਬਰ
ਚੀਫ ਜਸਟਿਸ ਡੀਵਾਈ ਚੰਦਰਚੂੜ ਨੇ ਅੱਜ ਕਿਹਾ ਕਿ ਗਣਪਤੀ ਪੂਜਾ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉਨ੍ਹਾਂ ਘਰ ਆਉਣ ਵਿਚ ਕੁਝ ਵੀ ‘ਗ਼ਲਤ ਨਹੀਂ’ ਸੀ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਅਜਿਹੇ ਮਸਲਿਆਂ ਨੂੰ ਲੈ ਕੇ ‘ਸਿਆਸੀ ਹਲਕਿਆਂ ਨੂੰ ਵਧੇਰੇ ਸਿਆਣਪ ਤੇ ਵਿਵੇਕ ਨਾਲ ਕੰਮ’ ਲੈਣ ਦੀ ਲੋੜ ਹੈ। ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਜਸਟਿਸ ਚੰਦਰਚੂੜ ਨੇ ਕਿਹਾ, ‘‘ਪ੍ਰਧਾਨ ਮੰਤਰੀ ਮੇਰੇ ਘਰ ਗਣਪਤੀ ਪੂਜਾ ਲਈ ਆਏ ਸਨ। ਇਸ ਵਿਚ ਕੁਝ ਵੀ ਗ਼ਲਤ ਨਹੀਂ ਸੀ ਕਿਉਂਕਿ ਨਿਆਂਪਾਲਿਕਾ ਤੇ ਕਾਰਜਪਾਲਿਕਾ ਦਰਮਿਆਨ ਸਮਾਜਿਕ ਪੱਧਰ ਉੱਤੇ ਪਹਿਲਾਂ ਵੀ ਅਜਿਹੀਆਂ ਮੁਲਾਕਾਤਾਂ ਹੁੰਦੀਆਂ ਰਹੀਆਂ ਹਨ। ਅਸੀਂ ਰਾਸ਼ਟਰਪਤੀ ਭਵਨ, ਗਣਤੰਤਰ ਦਿਵਸ ਆਦਿ ਮੌਕੇ ਮਿਲਦੇ ਹਾਂ। ਅਸੀਂ ਪ੍ਰਧਾਨ ਮੰਤਰੀ ਤੇ ਮੰਤਰੀਆਂ ਨਾਲ ਵੀ ਗੱਲਬਾਤ ਕਰਦੇ ਹਾਂ। ਉਂਝ ਇਸ ਗੁਫ਼ਤਗੂ ਵਿਚ ਉਹ ਕੇਸ ਸ਼ਾਮਲ ਨਹੀਂ ਹੁੰਦੇ ਜਿਸ ਦਾ ਅਸੀਂ ਫੈਸਲਾ ਕਰਦੇ ਹਾਂ।’’ -ਪੀਟੀਆਈ