ਚਿੱਕਮਗਲੂਰੂ: ਕਰਨਾਟਕ ਵਿੱਚ ਸਿਧਾਰਮੱਈਆ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੀ ਆਲੋਚਨਾ ਕਰਦਿਆਂ ਸ਼ਹਿਰ ਵਿੱਚ ਕਈ ਥਾਈਂ ਪੋਸਟਰ ਲੱਗੇ ਨਜ਼ਰ ਆਏ। ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਤਤਕਾਲੀ ਸੱਤਾਧਾਰੀ ਭਾਜਪਾ ਸਰਕਾਰ ਖ਼ਿਲਾਫ਼ ਕਾਂਗਰਸ ਦੀ ਪੇਅਸੀਐੱਮ ਮੁਹਿੰਮ ਦੀ ਯਾਦ ਦਿਵਾਉਂਦੇ ਇਨ੍ਹਾਂ ਪੋਸਟਰਾਂ ਵਿੱਚ ਸੂਬਾ ਸਰਕਾਰ ਦੀਆਂ ਗਾਰੰਟੀ ਸਕੀਮਾਂ ਨੂੰ ਫੇਲ੍ਹ ਕਰਾਰ ਦਿੱਤਾ ਗਿਆ ਹੈ। ਪੋਸਟਰਾਂ ਵਿੱਚ ਦਾਅਵਾ ਕੀਤਾ ਗਿਆ ਕਿ ਮਹਿਲਾਵਾਂ ਨੂੰ ‘ਗ੍ਰਹਿ ਲਕਸ਼ਮੀ’ ਯੋਜਨਾ ਤਹਿਤ ਪ੍ਰਤੀ ਮਹੀਨਾ 2000 ਰੁਪਏ, ਡਿਪਲੋਮਾ ਕਰਨ ਵਾਲਿਆਂ ਨੂੰ 1500 ਰੁਪਏ ਅਤੇ ਗ੍ਰੈਜੂਏਟ ਨੂੰ 3000 ਰੁਪਏ ਬੇਰੁਜ਼ਗਾਰੀ ਭੱਤੇ ਵਜੋਂ ਦੇਣ ਵਾਲੀ ‘ਯੁਵਾ ਨਿਧੀ’ ਸਕੀਮ ਅਜੇ ਤੱਕ ਲਾਗੂ ਨਹੀਂ ਕੀਤੀ ਗਈ ਹੈ ਅਤੇ ਸ਼ਕਤੀ ਸਕੀਮ ਤਹਿਤ ਮੁਫ਼ਤ ਬੱਸ ਸਫ਼ਰ ਲਈ ਲੋੜੀਂਦੀਆਂ ਬੱਸਾਂ ਨਹੀਂ ਹਨ।
ਇੱਕ ਪੋਸਟਰ ਵਿੱਚ ਕਿਹਾ ਗਿਆ, ‘‘ਸੂਬੇ ਵਿੱਚ ਦਿਨ-ਦਿਹਾੜ ਲੁੱਟ ਹੋ ਰਹੀ ਹੈ।’’ ਹਾਲਾਂਕਿ ਪੁਲੀਸ ਨੇ ਤੁਰੰਤ ਕਾਰਵਾਈ ਕਰਦਿਆਂ ਸ਼ਹਿਰ ਵਿੱਚੋਂ ਇਹ ਪੋਸਟਰ ਹਟਾ ਦਿੱਤੇ ਹਨ ਪਰ ਕਾਂਗਰਸ ਨੇ ਅਜੇ ਤੱਕ ਇਸ ਮਾਮਲੇ ’ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। -ਪੀਟੀਆਈ