ਨਵੀਂ ਦਿੱਲੀ: ਚੋਣਾਂ ਵਿੱਚ ਨੌਜਵਾਨਾਂ ਦੀ ਭਾਰੀ ਸ਼ਮੂਲੀਅਤ ਯਕੀਨੀ ਬਣਾਉਣ ਲਈ ਚੋਣ ਕਮਿਸ਼ਨ ਨੇ ਫ਼ੈਸਲਾ ਲਿਆ ਹੈ ਕਿ ਨੌਜਵਾਨ ਜਿਨ੍ਹਾਂ ਦੀ ਉਮਰ 17 ਸਾਲ ਤੋਂ ਵੱਧ ਹੈ, ਆਪਣੇ ਆਪ ਨੂੰ ਐਡਵਾਂਸ ਵਿੱਚ ਵੋਟਰ ਵਜੋਂ ਰਜਿਸਟਰ ਕਰਵਾਉਣ ਲਈ ਬਿਨੈ ਕਰ ਸਕਦੇ ਹਨ। ਹੁਣ ਤੱਕ ਉਹ ਨੌਜਵਾਨ ਆਪਣੇ ਆਪ ਨੂੰ ਵੋਟਰ ਸੂਚੀ ਵਿੱਚ ਦਰਜ ਕਰਵਾਉਣ ਲਈ ਯੋਗ ਹੁੰਦੇ ਸਨ ਜਿਹੜੇ ਕਿ ਪਹਿਲੀ ਜਨਵਰੀ ਜਾਂ ਇਸ ਤੋਂ ਪਹਿਲਾਂ 18 ਸਾਲ ਦੇ ਹੋ ਚੁੱਕੇ ਹੁੰਦੇ ਸਨ। ਪਹਿਲੀ ਜਨਵਰੀ ਤੋਂ ਬਾਅਦ 18 ਸਾਲ ਦੇ ਹੋਣ ਵਾਲੇ ਨੌਜਵਾਨਾਂ ਨੂੰ ਆਪਣੇ ਆਪ ਨੂੰ ਵੋਟਰ ਵਜੋਂ ਰਜਿਸਟਰ ਕਰਾਉਣ ਲਈ ਸਾਰਾ ਸਾਲ ਇੰਤਜ਼ਾਰ ਕਰਨਾ ਪੈਂਦੀ ਸੀ। ਨੌਜਵਾਨ 18 ਸਾਲ ਦੇ ਹੋਣ ਤੋਂ ਬਾਅਦ ਪਹਿਲੀ ਜਨਵਰੀ, ਪਹਿਲੀ ਅਪਰੈਲ, ਪਹਿਲੀ ਜੁਲਾਈ ਅਤੇ ਪਹਿਲੀ ਅਕਤੂਬਰ ਨੂੰ ਆਪਣੇ ਆਪ ਨੂੰ ਵੋਟਰ ਵਜੋਂ ਰਜਿਸਸਟਰ ਕਰਵਾ ਸਕਦੇ ਹਨ। ਚੋਣ ਕਮਿਸ਼ਨ ਵੱਲੋਂ ਅੱਜ ਜਾਰੀ ਕੀਤੇ ਗਏ ਬਿਆਨ ਅਨੁਸਾਰ ਸੂਬਿਆਂ ਦੇ ਚੋਣ ਅਮਲੇ ਨੂੰ 17 ਸਾਲ ਤੋਂ ਵੱਧ ਉਮਰ ਦੇ ਨੌਜਵਾਨਾਂ ਨੂੰ ਵੋਟਰ ਵਜੋਂ ਰਜਿਸਟਰ ਕਰਵਾਉਣ ਲਈ ਤਕਨੀਕੀ ਹੱਲ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। -ਪੀਟੀਆਈ