ਹਰਪ੍ਰੀਤ ਕੌਰ
ਹੁਸ਼ਿਆਰਪੁਰ, 6 ਅਗਸਤ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਮਿਸਾਲੀ ਸਜ਼ਾਵਾਂ ਮਿਲਣਗੀਆਂ। ਇੱਥੇ ਸੂਬਾ ਪੱਧਰੀ ਵਣ ਮਹਾਉਤਸਵ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਬੇਅਦਬੀ ਕਾਂਡ ਬਾਰੇ ਸਬੂਤ ਇਕੱਠੇ ਕਰ ਰਹੀ ਹੈ ਅਤੇ ਜਿਸ ਦਿਨ ਸਾਰੇ ਸਬੂਤ ਮਿਲ ਗਏ, ਕਥਿਤ ਦੋਸ਼ੀ ਸਲਾਖਾਂ ਪਿੱਛੇ ਹੋਣਗੇ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸੁਖਬੀਰ ਸਿੰਘ ਬਾਦਲ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਦਿੱਤੇ ਮੁਆਫ਼ੀਨਾਮੇ ਦੇ ਸੰਦਰਭ ਵਿੱਚ ਉਨ੍ਹਾਂ ਕਿਹਾ ਕਿ ਗਲਤੀਆਂ ਮੁਆਫ਼ ਕੀਤੀਆਂ ਜਾ ਸਕਦੀਆਂ ਹਨ, ਪਰ ਗੁਨਾਹ ਨਹੀਂ। ਉਨ੍ਹਾਂ ਕਿਹਾ ਕਿ ਬੇਅਦਬੀ ਵਰਗੇ ਬੱਜਰ ਗੁਨਾਹ ਕਰਨ ਵਾਲਿਆਂ ਨੂੰ ਲੋਕਾਂ ਦੀ ਕਚਹਿਰੀ ਵਿੱਚ ਪਹਿਲਾਂ ਹੀ ਸਜ਼ਾ ਮਿਲ ਚੁੱਕੀ ਹੈ, ਹੁਣ ਉਨ੍ਹਾਂ ਨੂੰ ਕਾਨੂੰਨੀ ਤੌਰ ’ਤੇ ਸਜ਼ਾ ਮਿਲੇਗੀ। ਉਨ੍ਹਾਂ ਕਿਹਾ ਕਿ ਜਿਹੜੇ ਬਗ਼ਾਵਤੀ ਅਕਾਲੀ ਆਗੂ ਹੁਣ ਗਲਤੀਆਂ ਮੰਨ ਰਹੇ ਹਨ, ਉਹ ਪਹਿਲਾਂ ਚੁੱਪ ਕਿਉਂ ਰਹੇ? ਉਨ੍ਹਾਂ ਕਿਹਾ ਕਿ ਜੇ ਆਪਣੇ ਘਰ ਵਿੱਚ ਹੀ ਆਪਣੇ ਗੁਰੂਆਂ ਦੀ ਬੇਅਦਬੀ ਹੋਵੇਗੀ ਤਾਂ ਬੇਗਾਨੀ ਧਰਤੀ ’ਤੇ ਇਨ੍ਹਾਂ ਦੀ ਰੱਖਿਆ ਕਿਵੇਂ ਹੋਵੇਗੀ? ਉਨ੍ਹਾਂ ਕਿਹਾ ਕਿ ਮਗਰਮੱਛ ਦੇ ਹੰਝੂ ਵਹਾ ਕੇ ਇਹ ਆਗੂ ਦੋਸ਼-ਮੁਕਤ ਨਹੀਂ ਹੋ ਸਕਦੇ।
ਮੁੱਖ ਮੰਤਰੀ ਸ੍ਰੀ ਮਾਨ ਨੇ ਕਿਹਾ ਕਿ ਬੰਗਲਾਦੇਸ਼ ’ਚ ਜਿਵੇਂ 15 ਸਾਲਾਂ ਤੋਂ ਰਾਜ ਕਰ ਰਹੀ ਪ੍ਰਧਾਨ ਮੰਤਰੀ ਨੂੰ ਦੇਸ਼ ਛੱਡਣ ਲਈ ਮਜਬੂਰ ਹੋਣਾ ਪਿਆ ਹੈ, ਉਸ ਤੋਂ ਸਿਆਸਤਦਾਨਾਂ ਨੂੰ ਸਬਕ ਸਿੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਤਾਨਾਸ਼ਾਹੀ ਬਹੁਤਾ ਚਿਰ ਨਹੀਂ ਚੱਲਦੀ। ਲੋਕਾਂ ਦਾ ਸਬਰ ਦਾ ਪਿਆਲਾ ਜਦੋਂ ਭਰ ਜਾਂਦਾ ਹੈ ਤਾਂ ਉਹੀ ਕੁੱਝ ਹੁੰਦਾ ਹੈ ਜੋ ਬੰਗਲਾਦੇਸ਼ ਵਿਚ ਹੋਇਆ ਹੈ। ਉਨ੍ਹਾਂ ਕਿਹਾ ਕਿ ਇੱਥੋਂ ਇਹੀ ਸਬਕ ਮਿਲਦਾ ਹੈ ਕਿ ਲੋਕਾਂ ਵਿੱਚ ਰਹਿ ਕੇ ਉਨ੍ਹਾਂ ਦੇ ਕੰਮ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਰੈਲੀਆਂ ’ਚ ‘ਮੋਦੀ-ਮੋਦੀ’ ਦੇ ਨਾਅਰੇ ਲਗਵਾਉਣ ਲਈ ਕਿਰਾਏ ’ਤੇ ਬੰਦੇ ਲਿਜਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੀ ਭਲਾਈ ਲਈ ਮਿਸਾਲੀ ਕੰਮ ਕਰ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਗੁਰਬਾਣੀ ਦੀਆਂ ਸਿੱਖਿਆਵਾਂ ’ਤੇ ਅਮਲ ਕਰਦੇ ਹੋਏ ਵਾਤਾਵਰਨ ਨੂੰ ਬਚਾਉਣ ਦੇ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਬੂਟੇ ਲਗਾਉਣ ਦੀ ਮੁਹਿੰਮ ’ਚ ਸਰਕਾਰ ਦਾ ਸਾਥ ਦਿੱਤਾ ਜਾਵੇ। ਉਨ੍ਹਾਂ ਦੱਸਿਆ ਕਿ ਚਾਲੂ ਮਾਲੀ ਸਾਲ ਦੌਰਾਨ ਸੂਬੇ ਭਰ ਵਿੱਚ ਤਿੰਨ ਕਰੋੜ ਪੌਦੇ ਲਗਾਉਣ ਦਾ ਟੀਚਾ ਹੈ। ਉਨ੍ਹਾਂ ਮੁਫ਼ਤ ਬਿਜਲੀ ਦੀ ਸਹੂਲਤ ਲੈ ਰਹੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਟਿਊਬਵੈੱਲਾਂ ਦੇ ਆਲੇ-ਦੁਆਲੇ ਘੱਟ ਤੋਂ ਘੱਟ ਚਾਰ ਬੂਟੇ ਲਗਾਉਣ। ਉਨ੍ਹਾਂ ਕਿਹਾ ਕਿ ਜੇ ਲੋੜ ਪਈ ਤਾਂ ਸਰਕਾਰ ਇਸ ਬਾਰੇ ਕਾਨੂੰਨ ਵੀ ਲਿਆਵੇਗੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਕੇਵਲ 21 ਫ਼ੀਸਦੀ ਹੀ ਨਹਿਰੀ ਪਾਣੀ ਵਰਤਿਆ ਜਾ ਰਿਹਾ ਸੀ, ਪਰ ਹੁਣ ਲਗਭਗ 72 ਫ਼ੀਸਦੀ ਨਹਿਰੀ ਪਾਣੀ ਦੀ ਵਰਤੋਂ ਸਿੰਜਾਈ ਲਈ ਹੋ ਰਹੀ ਹੈ। ਇਸ ਮੌਕੇ ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ, ਜੰਗਲਾਤ ਮੰਤਰੀ ਲਾਲ ਚੰਦ ਕਟਾਰੂਚੱਕ, ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਅਤੇ ਜੰਗਲਾਤ ਵਿਭਾਗ ਦੇ ਉੱਚ ਅਧਿਕਾਰੀ ਹਾਜ਼ਰ ਸਨ।
‘ਕਾਰਬਨ ਕਰੈਡਿਟ ਸਕੀਮ’ ਤਹਿਤ ਕਿਸਾਨਾਂ ਨੂੰ ਚੈੱਕ ਵੰਡੇ
ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ‘ਕਾਰਬਨ ਕਰੈਡਿਟ ਸਕੀਮ’ ਤਹਿਤ ਵਾਤਾਵਰਨ ਪ੍ਰਦੂਸ਼ਣ ਦੀ ਰੋਕਥਾਮ ਲਈ ਸਰਗਰਮ ਭੂਮਿਕਾ ਨਿਭਾਉਣ ਵਾਲੇ ਕਿਸਾਨਾਂ ਨੂੰ ਚੈੱਕ ਵੰਡੇ। ਉਨ੍ਹਾਂ ਦੱਸਿਆ ਕਿ ਪਹਿਲੀ ਕਿਸ਼ਤ ਵਜੋਂ ਹੁਸ਼ਿਆਰਪੁਰ ਦੇ 818 ਕਿਸਾਨਾਂ ਨੂੰ 1.75 ਕਰੋੜ ਰੁਪਏ ਦੇ ਚੈੱਕ ਦਿੱਤੇ ਜਾਣਗੇ। ਸੂਬੇ ਭਰ ਦੇ 3686 ਕਿਸਾਨਾਂ ਨੂੰ 4 ਕਿਸ਼ਤਾਂ ਵਿਚ 45 ਕਰੋੜ ਰੁਪਏ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ‘ਕਾਰਬਨ ਕਰੈਡਿਟ ਸਕੀਮ’ ਲਾਗੂ ਕਰਨ ਵਾਲਾ ਪੰਜਾਬ ਪਹਿਲਾ ਸੂਬਾ ਹੈ। ਉਨ੍ਹਾਂ ਹੋਰ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਪ੍ਰਦੂਸ਼ਣ ਕੰਟਰੋਲ ਕਰਨ ਵਿੱਚ ਯੋਗਦਾਨ ਪਾ ਕੇ ਇਸ ਸਕੀਮ ਦੇ ਲਾਭਪਾਤਰੀ ਬਣਨ।