ਜੰਮੂ, 16 ਨਵੰਬਰ
ਜੰਮੂ ਕਸ਼ਮੀਰ ਨੂੰ ਭਾਰਤ ਦਾ ਅਨਿੱਖੜਵਾਂ ਅੰਗ ਦੱਸਦਿਆਂ ਨੈਸ਼ਨਲ ਕਾਨਫ਼ਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਅੱਜ ਕਿਹਾ ਕਿ ਉਹ ਲੋਕ ਜਿਹੜੇ ਕਿ ਆਜ਼ਾਦੀ ਦਾ ਤਰਕਹੀਣ ਸੁਫ਼ਨਾ ਦੇਖ ਰਹੇ ਹਨ, ਉਸ ਨੂੰ ਛੱਡ ਦੇਣਾ ਚਾਹੀਦਾ ਹੈ ਕਿਉਂਕਿ ਉਹ ਜ਼ਮੀਨੀ ਹਕੀਕਤਾਂ ਤੋਂ ਅਣਜਾਣ ਹਨ। ਉੱਘੇ ਸਿਆਸਤਦਾਨ ਨੇ ਕਿਹਾ ਕਿ ਅਗਲੇ ਸਾਲ ਦੇ ਸ਼ੁਰੂ ਵਿੱਚ ਹੋਣ ਵਾਲੀ ਚੈਂਪੀਅਨਜ਼ ਟਰਾਫੀ ਲਈ ਭਾਰਤੀ ਕ੍ਰਿਕਟ ਟੀਮ ਦਾ ਪਾਕਿਸਤਾਨ ਨਾ ਜਾਣਾ ਇਹ ਦਰਸਾਉਂਦਾ ਹੈ ਕਿ ਦੋਵੇਂ ਦੇਸ਼ਾਂ ਵਿਚਾਲੇ ਸਬੰਧ ਤਣਾਅਪੂਰਨ ਹਨ। ਇੱਥੇ ਨਿੱਜੀ ਸਮਾਰੋਹ ਦੌਰਾਨ ਮੀਡੀਆ ਨਾਲ ਵੱਖਰੇ ਤੌਰ ’ਤੇ ਗੱਲ ਕਰਦਿਆਂ ਅਬਦੁੱਲਾ ਨੇ ਉੱਤਰ ਪ੍ਰਦੇਸ਼ ਦੇ ਝਾਂਸੀ ਜ਼ਿਲ੍ਹੇ ਵਿੱਚ ਮੈਡੀਕਲ ਕਾਲਜ ’ਚ ਅੱਗ ਲੱਗਣ ਦੀ ਘਟਨਾ ਵਿੱਚ ਬੱਚਿਆਂ ਦੀ ਹੋਈ ਮੌਤ ’ਤੇ ਦੁੱਖ ਜ਼ਾਹਿਰ ਕੀਤਾ ਅਤੇ ਮੰਗ ਕੀਤੀ ਕਿ ਇਸ ਦਰਦਨਾਕ ਘਟਨਾ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ। ਸਵਾਲ ਦੇ ਜਵਾਬ ਵਿੱਚ ਅਬਦੁੱਲਾ ਨੇ ਕਿਹਾ, ‘‘ਆਜ਼ਾਦੀ ਲੈਣਾ ਐਨਾ ਆਸਾਨ ਨਹੀਂ ਹੈ। ਇਕ ਪਾਸੇ ਪਰਮਾਣੂ ਸ਼ਕਤੀ ਵਾਲਾ ਦੇਸ਼ ਪਾਕਿਸਤਾਨ ਹੈ ਅਤੇ ਦੂਜੇ ਪਾਸੇ ਚੀਨ ਹੈ ਤੇ ਉਸ ਕੋਲ ਵੀ ਪਰਮਾਣੂ ਸ਼ਕਤੀ ਹੈ। ਇਹ ਕਿਵੇਂ ਸੰਭਵ ਹੈ? ਤੁਹਾਡਾ ਅਰਥਚਾਰਾ ਕਿੱਥੇ ਹੈ ਕਿਉਂਕਿ ਤੁਸੀਂ ਹਰੇਕ ਚੀਜ਼ ਲਈ ਦੂਜਿਆਂ ’ਤੇ ਨਿਰਭਰ ਕਰਦੇ ਹੋ?’ -ਪੀਟੀਆਈ