ਸ੍ਰੀਨਗਰ, 2 ਜੂਨ
ਜੰਮੂ ਕਸ਼ਮੀਰ ਪੁਲੀਸ ਦੀ ਮੁਖੀ ਰਸ਼ਮੀ ਰੰਜਨ ਸਵੈਨ ਨੇ ਕਿਹਾ ਕਿ ਜਿਹੜੇ ਲੋਕ ਕਦੇ ‘ਦੁਸ਼ਮਣਾਂ’ (ਪਾਕਿਸਤਾਨ) ਦਾ ‘ਹਿਸਾਬ-ਕਿਤਾਬ’ ਰੱਖਦੇ ਸਨ ਤੇ ਉਨ੍ਹਾਂ ਦੇ ਅੱਖ ਤੇ ਕੰਨ ਬਣ ਕੇ ਰਹਿੰਦੇ ਸਨ, ਨੇ ਐਤਕੀਂ ਚੋਣ ਅਮਲ ਵਿਚ ਹਿੱਸਾ ਲਿਆ ਤੇ ਕਤਾਰਾਂ ਵਿਚ ਖੜ੍ਹ ਕੇ ਵੋਟਾਂ ਪਾਈਆਂ। ਡੀਜੀਪੀ ਨੇ ਕਿਹਾ ਕਿ ਪੁਲੀਸ ਨੇ ਉਨ੍ਹਾਂ ਲਈ ਮੁਕੰਮਲ ਸੁਰੱਖਿਆ ਯਕੀਨੀ ਬਣਾਈ।
ਸਵੈਨ ਨੇ ਇਸ ਖ਼ਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੰਮੂ ਕਸ਼ਮੀਰ ਵਿਚ ਇਸ ਸਾਲ ਦੀਆਂ ਲੋਕ ਸਭਾ ਚੋਣਾਂ ਵਿਚ ਵੱਡੀ ਗਿਣਤੀ ਲੋਕ ਵੋਟਾਂ ਪਾਉਣ ਲਈ ਘਰਾਂ ਵਿਚੋਂ ਨਿਕਲੇ, ਜੋ ਖਿੱਤੇ ਦੀ ਸਿਆਸੀ ਦ੍ਰਿਸ਼ਾਵਲੀ ਵਿਚ ਤਬਦੀਲੀ ਦਾ ਸੰਕੇਤ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਦੇ ਮੁਕਾਬਲੇ ਲੋਕਾਂ ਨੂੰ ਖੌਫ਼ ਤੇ ਡਰ ਤੋਂ ਆਜ਼ਾਦੀ ਮਿਲੀ ਹੈ। ਜੰਮੂ ਕਸ਼ਮੀਰ ਵਿਚੋਂ ਧਾਰਾ 370 ਮਨਸੂਖ ਕੀਤੇ ਜਾਣ ਤੇ ਸੂਬੇ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਵੰਡੇ ਜਾਣ ਮਗਰੋਂ ਵਾਦੀ ਦੀਆਂ ਤਿੰਨ ਲੋਕ ਸਭਾ ਸੀਟਾਂ- ਸ੍ਰੀਨਗਰ, ਬਾਰਾਮੂਲਾ ਤੇ ਅਨੰਤਨਾਗ-ਰਾਜੌਰੀ ਵਿਚ ਪਿਛਲੇ ਤਿੰਨ ਦਹਾਕਿਆਂ ਵਿਚ ਪਹਿਲੀ ਵਾਰ ਰਿਕਾਰਡ ਵੋਟ ਫੀਸਦ ਦਰਜ ਕੀਤੀ ਗਈ ਹੈ। ਡੀਜੀਪੀ ਨੇ ਕਿਹਾ ਕਿ ਪਿਛਲੇ ਸਾਢੇ ਤਿੰਨ ਸਾਲਾਂ ਵਿਚ, ‘‘ਅਸੀਂ ਜਮਾਤ-ਏ-ਇਸਲਾਮੀ ਸਣੇ ਕਈ ਜਥੇਬੰਦੀਆਂ ਨੂੰ ਨੱਥ ਪਾਈ ਹੈ। ਅਸੀਂ ਕਾਨੂੰਨ ਦੀ ਮਦਦ ਨਾਲ ਕਾਫੀ ਹੱਦ ਤੱਕ ਇਨ੍ਹਾਂ ਨੂੰ ਕਾਬੂ ਹੇਠ ਰੱਖਣ ਵਿਚ ਕਾਮਯਾਬ ਰਹੇ ਹਾਂ।’’ ਸਵੈਨ ਨੇ ਕਿਹਾ ਕਿ ਆਪਣੇ ਨਾਗਰਿਕਾਂ ਵਿਚ ਸੁਰੱਖਿਆ ਦੀ ਭਾਵਨਾ ਪੈਦਾ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ, ਪਰ ਲੋਕਾਂ ਨੂੰ ਵੀ ਹੜਤਾਲ ਜਿਹੇ ਸੱਦਿਆਂ ਨੂੰ ਨਾਂਹ ਕਰਨੀ ਹੋਵੇੇਗੀ। -ਪੀਟੀਆਈ