ਬਾਰਾਬੰਕੀ, 13 ਫਰਵਰੀ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਯੂਪੀ ਦੀ ਮੁੱਖ ਵਿਰੋਧੀ ਧਿਰ ਸਮਾਜਵਾਦੀ ਪਾਰਟੀ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਹੈ ਕਿ ਸਮਾਜਵਾਦ ਦੀ ਗੱਲ ਕਰਨ ਵਾਲੇ ਖੋਟੇ ਸਿੱਕੇ ਹੋ ਗਏ ਹਨ ਅਤੇ ਹੁਣ ਇਹ ਸਿੱਕੇ ਬਾਜ਼ਾਰ ’ਚ ਕਦੇ ਵੀ ਨਹੀਂ ਚੱਲਦੇ ਹਨ। ਉਨ੍ਹਾਂ ਕਿਹਾ ਕਿ ਸਮਾਜਵਾਦੀ ਪਾਰਟੀ ਹੁਣ ਉੱਤਰ ਪ੍ਰਦੇਸ਼ ਦੀ ਸਿਆਸਤ ’ਚ ਨਹੀਂ ਚੱਲਣ ਵਾਲੀ ਹੈ। ਉਨ੍ਹਾਂ ਕਿਹਾ ਕਿ ਸਮਾਜਵਾਦੀ ਉਹ ਹੈ ਜੋ ਸਮਾਜ ਦੇ ਹਰੇਕ ਵਰਗ ਨੂੰ ਨਾਲ ਲੈ ਕੇ ਚੱਲਦਾ ਹੈ। ਰਾਮਨਗਰ ਵਿਧਾਨ ਸਭਾ ਹਲਕੇ ’ਚ ਭਾਜਪਾ ਦੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸਿਰਫ਼ ਸਮਾਜਵਾਦੀ ਪਾਰਟੀ ਨਾਮ ਰੱਖਣ ਨਾਲ ਹੀ ਇਸ ਦੇ ਆਗੂ ਸਮਾਜਵਾਦੀ ਨਹੀਂ ਬਣ ਸਕਦੇ ਹਨ। ‘ਸੱਚਾ ਸਮਾਜਵਾਦੀ ਉਹ ਹੁੰਦਾ ਹੈ ਜੋ ਗਰੀਬ ਦੇ ਡਰ ਅਤੇ ਭੁੱਖ ਦੀ ਸਮੱਸਿਆ ਦਾ ਹੱਲ ਕੱਢੇ।’ ਉਨ੍ਹਾਂ ਕਿਹਾ ਕਿ ਸਹੀ ਅਰਥਾਂ ’ਚ ਸਮਾਜਵਾਦੀ ਦੀ ਰਾਹ ’ਤੇ ਭਾਜਪਾ ਚੱਲ ਰਹੀ ਹੈ। ਅਖਿਲੇਸ਼ ’ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਉਹ ਸਮਾਜਵਾਦੀ ਕਦੇ ਵੀ ਨਹੀਂ ਹੋ ਸਕਦਾ ਜੋ ਵੰਡੀਆਂ ਪਾਉਣ ਦੀ ਸਿਆਸਤ ਕਰੇ ਅਤੇ ਸਮਾਜ ਨੂੰ ਟੁੱਕੜਿਆਂ ’ਚ ਵੰਡ ਕੇ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰੇੇ। ਰਾਜਨਾਥ ਸਿੰਘ ਨੇ ਕਿਹਾ ਕਿ ਗਰੀਬਾਂ ਨੂੰ ਮੁਫ਼ਤ ਗੈਸ ਸਿਲੰਡਰ ਅਤੇ ਆਯੂਸ਼ਮਾਨ ਭਾਰਤ ਯੋਜਨਾ ਤਹਿਤ ਮੁਫ਼ਤ ਇਲਾਜ ਦਾ ਪ੍ਰਬੰਧ ਭਾਜਪਾ ਸਰਕਾਰ ਨੇ ਕੀਤਾ ਹੈ। -ਪੀਟੀਆਈ