ਗੁਹਾਟੀ, 4 ਫਰਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦਾਅਵਾ ਕੀਤਾ ਕਿ ਆਜ਼ਾਦੀ ਤੋਂ ਬਾਅਦ ਸੱਤਾ ਵਿੱਚ ਆਉਣ ਵਾਲੇ ਲੋਕ ਧਾਰਮਿਕ ਅਸਥਾਨਾਂ ਦੀ ਮਹੱਤਤਾ ਨੂੰ ਨਹੀਂ ਸਮਝ ਸਕੇ ਅਤੇ ਸਿਆਸੀ ਕਾਰਨਾਂ ਕਰਕੇ ਆਪਣੇ ਹੀ ਸੱਭਿਆਚਾਰ ਪ੍ਰਤੀ ਸ਼ਰਮਿੰਦਾ ਹੋਣ ਦਾ ਰੁਝਾਨ ਕਾਇਮ ਕਰ ਰਹੇ ਹਨ। ਗੁਹਾਟੀ ਵਿੱਚ 11,600 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਕਰਨ ਮਗਰੋਂ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਕੋਈ ਵੀ ਦੇਸ਼ ਆਪਣੇ ਅਤੀਤ ਨੂੰ ਮਿਟਾ ਕੇ ਤਰੱਕੀ ਨਹੀਂ ਕਰ ਸਕਦਾ। ਉਨ੍ਹਾਂ ਕਿਹਾ, ‘‘ਹਾਲਾਂਕਿ ਪਿਛਲੇ ਦਸ ਸਾਲਾਂ ਵਿਚ ਹਾਲਾਤ ਬਦਲ ਗਏ ਹਨ।’’ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਉਦਘਾਟਨ ਕੀਤੇ ਪ੍ਰਾਜੈਕਟ ਉੱਤਰਪੂਰਬ ਵਿਚ ਹੀ ਨਹੀਂ ਬਲਕਿ ਦੱਖਣੀ ਏਸ਼ੀਆ ਵਿਚ ਵੀ ਕੁਨੈਕਟੀਵਿਟੀ ਨੂੰ ਮਜ਼ਬੂਤ ਕਰਨਗੇ। ਸ੍ਰੀ ਮੋਦੀ ਨੇ ਕਿਹਾ ਕਿ ਪਿਛਲੇ ਸਾਲ ਦਸ ਸਾਲਾਂ ਵਿਚ ਅਸਾਮ ’ਚ ਅਮਨ-ਸ਼ਾਂਤੀ ਵਾਪਸ ਪਰਤੀ ਹੈ ਤੇ ਸੱਤ ਹਜ਼ਾਰ ਤੋਂ ਵੱਧ ਲੋਕ ਹਥਿਆਰ ਛੱਡ ਕੇ ਮੁੱਖ ਧਾਰਾ ਵਿੱਚ ਪਰਤੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਇਕ ਦਹਾਕੇ ਵਿਚ ਰਿਕਾਰਡ ਸੈਲਾਨੀਆਂ ਨੇ ਖਿੱਤੇ ਦਾ ਦੌਰਾ ਕੀਤਾ ਹੈ। ਪੀਟੀਆਈ