ਕੋਲਕਾਤਾ, 3 ਅਪਰੈਲ
ਪੱਛਮੀ ਬੰਗਾਲ ਸਥਿਤ ਆਲੀਆ ਯੂਨੀਵਰਸਿਟੀ ਦੇ ਉੱਪ ਕੁਲਪਤੀ ਨੂੰ ਮੁਹੰਮਦ ਅਲੀ ਨੂੰ ਧਮਕੀਆਂ ਦੇਣ ਦੇ ਮਾਮਲੇ ਵਿੱਚ ਪੁਲੀਸ ਨੇ ਇੱਕ ਵਿਦਿਆਰਥੀ ਆਗੂ, ਜਿਸ ਨੂੰ ‘ਤ੍ਰਿਣਮੂਲ ਕਾਂਗਰਸ ਛਾਤਰ ਪਰਿਸ਼ਦ’ ਵਿੱਚੋਂ ਕੱਢਿਆ ਜਾ ਚੁੱਕਾ ਹੈ, ਨੂੰ ਗ੍ਰਿਫ਼ਤਾਰ ਕੀਤਾ ਹੈ। ਜ਼ਿਕਰਯੋਗ ਹੈ ਕਿ ਉਪ ਕੁਲਪਤੀ ਮੁਹੰਮਦ ਅਲੀ ਨੂੰ ਇੱਕ ਵਿਦਿਆਰਥੀ ਆਗੂ ਅਤੇ ਉਸ ਦੇ ਸਹਿਯੋਗੀਆਂ ਵੱਲੋਂ ਧਮਕਾਏ ਜਾਣ ਦੀ ਇੱਕ ਵੀਡੀਓ ਐਤਵਾਰ ਨੂੰ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ। ਵਿਦਿਆਰਥੀ ਆਗੂ ਦੀ ਪਛਾਣ ਗਿਆਸੂਦੀਨ ਮੰਡਲ ਵਜੋਂ ਹੋਈ ਹੈ। ਇਸੇ ਦੌਰਾਨ ਰਾਜਪਾਲ ਜਗਦੀਪ ਧਨਖੜ ਨੇ ਮੁੱਖ ਸਕੱਤਰ ਤੋ ਸੋਮਵਾਰ ਦੁਪਹਿਰ ਤੱਕ ਮਾਮਲੇ ਦੇ ਪੂਰੀ ਜਾਣਕਾਰੀ ਮੰਗੀ ਹੈ। ਦੂਜੇ ਪਾਸੇ ਪੱਛਮੀ ਬੰਗਾਲ ਦੀ ਸੱਤਾਧਾਰੀ ਪਾਰਟੀ ਨੇ ਖ਼ੁਦ ਨੂੰ ਇਸ ਮਾਮਲੇ ਤੋਂ ਵੱੱਖ ਕਰ ਲਿਆ ਹੈ। ਯੂਨੀਵਰਸਿਟੀ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਨੂੰ ਸੰਸਥਾ ਦੇ ਨਿਊ ਟਾਊਨ ਕੰਪਲੈਕਸ ਵਿੱਚ ਵਾਪਰੀ। ਉਨ੍ਹਾਂ ਮੁਤਾਬਕ ਗਿਆਸੂਦੀਨ ਮੰਡਲ ਕੁਝ ਹੋਰ ਲੋਕਾਂ ਨਾਲ ਉਪ ਕੁਲਪਤੀ ਦੇ ਦਫ਼ਤਰ ਵਿੱਚ ਗਿਆ ਅਤੇ ਮੁਹੰਮਦ ਅਲੀ ਨੂੰ ਧਮਕੀ ਦਿੱਤੀ ਕਿ ਜੇਕਰ ਪੀਐੱਚਡੀ ਸੂਚੀ ਵਿੱਚ ਤੁਰੰਤ ਤਬਦੀਲੀ ਨਾ ਕੀਤੀ ਗਈ ਅਤੇ ਉਸ ਵੱਲੋਂ ਦੱਸੇ ਲੋਕਾਂ ਦੇ ਨਾਮ ਇਸ ਵਿੱਚ ਸ਼ਾਮਲ ਨਾ ਕੀਤੇ ਗਏ, ਤਾਂ ਉਨ੍ਹਾਂ ਨੂੰ ਗੰਭੀਰ ਸਿੱਟੇ ਭੁਗਤਣੇ ਪੈਣਗੇ। -ਏਜੰਸੀ