ਹੈਦਰਾਬਾਦ, 29 ਅਕਤੂਬਰ
ਸਾਇਬਰਾਬਾਦ ਪੁਲੀਸ ਨੇ ਵਿਧਾਇਕਾਂ ਦੀ ਖਰੀਦੋ-ਫਰੋਖ਼ਤ ਨਾਲ ਸਬੰਧਤ ਕੇਸ ’ਚ ਤਿੰਨ ਮੁਲਜ਼ਮਾਂ ਨੂੰ ਅੱਜ ਮੁੜ ਗ੍ਰਿਫ਼ਤਾਰ ਕਰ ਲਿਆ ਹੈ। ਤਿਲੰਗਾਨਾ ਹਾਈ ਕੋਰਟ ਨੇ ਹੇਠਲੀ ਅਦਾਲਤ ਵੱਲੋਂ ਮੁਲਜ਼ਮਾਂ ਦਾ ਰਿਮਾਂਡ ਨਾ ਦੇਣ ਸਬੰਧੀ ਹੁਕਮਾਂ ਨੂੰ ਰੱਦ ਕਰ ਦਿੱਤਾ ਹੈ ਜਿਸ ਤੋਂ ਕੁਝ ਘੰਟਿਆਂ ਬਾਅਦ ਪੁਲੀਸ ਨੇ ਇਹ ਕਾਰਵਾਈ ਕੀਤੀ ਹੈ। ਕਥਿਤ ਤੌਰ ’ਤੇ ਭਾਜਪਾ ਨਾਲ ਸਬੰਧਤ ਰਾਮਚੰਦਰ ਭਾਰਤੀ ਉਰਫ਼ ਸਤੀਸ਼ ਸ਼ਰਮਾ, ਕੋਟੇ ਨੰਦ ਕੁਮਾਰ ਉਰਫ਼ ਨੰਦੂ ਅਤੇ ਸਿਮਹਾਯਾਜੀ ਨੂੰ ਨੰਦੂ ਦੀ ਰਿਹਾਇਸ਼ ਤੋਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਨੂੰ ਪਹਿਲਾਂ ਸਾਇਬਰਾਬਾਦ ਕਮਿਸ਼ਨਰੇਟ ਲਿਜਾਇਆ ਗਿਆ। ਬਾਅਦ ਵਿੱਚ ਉਨ੍ਹਾਂ ਨੂੰ ਮੋਇਨਾਬਾਦ ਥਾਣੇ ਲਿਜਾਇਆ ਗਿਆ ਜਿੱਥੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਹੈ। -ਆਈਏਐੱਨਐੱਸ