ਸ੍ਰੀਨਗਰ, 10 ਦਸੰਬਰ
ਜੰਮੂ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ’ਚ ਜ਼ਿਲ੍ਹਾ ਵਿਕਾਸ ਪਰਿਸ਼ਦ (ਡੀਡੀਸੀ) ਚੋਣਾਂ ਦੀ ਕਵਰੇਜ ਕਰ ਰਹੇ ਤਿੰਨ ਪੱਤਰਕਾਰਾਂ ਫਯਾਜ਼ ਲੋਲੂ, ਮੁਦੱਸਿਰ ਕਾਦਰੀ ਅਤੇ ਜੁਨੈਦ ਰਫ਼ੀਕ ਨਾਲ ਪੁਲੀਸ ਨੇ ਕੁੱਟਮਾਰ ਕੀਤੀ। ਤਿੰਨਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦਾ ਸਾਜ਼ੋ-ਸਾਮਾਨ ਵੀ ਪੁਲੀਸ ਨੇ ਜ਼ਬਤ ਕਰ ਲਿਆ ਹੈ। ਕਸ਼ਮੀਰ ਪ੍ਰੈੱਸ ਕਲੱਬ ਨੇ ਸ੍ਰੀਗੁਫਵਾਰਾ ’ਚ ਵਾਪਰੀ ਘਟਨਾ ਨੂੰ ਮੰਦਭਾਗਾ ਕਰਾਰ ਦਿੰਦਿਆਂ ਮਾਮਲੇ ਦੀ ਜਾਂਚ ਮੰਗੀ ਹੈ ਜਦਕਿ ਕਸ਼ਮੀਰ ਐਡੀਟਰਜ਼ ਗਿਲਡ ਨੇ ਪੁਲੀਸ ਵੱਲੋਂ ਪੱਤਰਕਾਰਾਂ ਨਾਲ ਕੀਤੀ ਗਈ ਕੁੱਟਮਾਰ ’ਤੇ ਚਿੰਤਾ ਜਤਾਈ ਹੈ। ਪੀਪਲਜ਼ ਡੈਮੋਕਰੈਟਿਕ ਪਾਰਟੀ ਦੀ ਪ੍ਰਧਾਨ ਮਹਬਿੂਬਾ ਮੁਫ਼ਤੀ ਨੇ ਟਵਿੱਟਰ ’ਤੇ ਇਸ ਘਟਨਾ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਗੁਪਕਾਰ ਐਲਾਇੰਸ ਦੇ ਉਮੀਦਵਾਰ ਨੂੰ ਜਦੋਂ ਵੋਟ ਨਹੀਂ ਪਾਉਣ ਦਿੱਤੀ ਗਈ ਤਾਂ ਪੱਤਰਕਾਰ ਉਸ ਨਾਲ ਗੱਲਬਾਤ ਕਰ ਰਹੇ ਸਨ ਜੋ ਪੁਲੀਸ ਨੂੰ ਠੀਕ ਨਹੀਂ ਲੱਗਾ ਅਤੇ ਉਨ੍ਹਾਂ ਤਿੰਨ ਪੱਤਰਕਾਰਾਂ ਨੂੰ ਕੁੱਟ ਦਿੱਤਾ। ਮਹਬਿੂਬਾ ਨੇ ਕਿਹਾ ਕਿ ਜੰਮੂ ਕਸ਼ਮੀਰ ’ਚ ਸੱਚ ਦਾ ਬਖਾਨ ਕਰਨ ਵਾਲਿਆਂ ਨੂੰ ਅਪਰਾਧੀ ਬਣਾਇਆ ਜਾ ਰਿਹਾ ਹੈ। ਕਸ਼ਮੀਰ ਪ੍ਰੈੱਸ ਕਲੱਬ ਨੇ ਕਿਹਾ ਕਿ ਇਹ ਪ੍ਰੈੱਸ ਦੀ ਆਜ਼ਾਦੀ ’ਤੇ ਹਮਲਾ ਹੈ। ਉਨ੍ਹਾਂ ਮੁੱਖ ਚੋਣ ਅਧਿਕਾਰੀ ਨੂੰ ਇਸ ਘਟਨਾ ਦਾ ਨੋਟਿਸ ਲੈਣ ਦੀ ਬੇਨਤੀ ਕਰਦਿਆਂ ਸਬੰਧਤ ਪੁਲੀਸ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਨ ਲਈ ਕਿਹਾ ਹੈ। ਕਸ਼ਮੀਰ ਐਡੀਟਰਜ਼ ਗਿਲਡ ਨੇ ਕਿਹਾ ਕਿ ਉਪ ਰਾਜਪਾਲ ਮਨੋਜ ਜੋਸ਼ੀ ਦਾ ਪ੍ਰਸ਼ਾਸਨ ਮਾਮਲੇ ਦੀ ਜਾਂਚ ਕਰਕੇ ਪੱਤਰਕਾਰਾਂ ਨੂੰ ਇਨਸਾਫ਼ ਦਿਵਾਏਗਾ। -ਪੀਟੀਆਈ