ਬਲੀਆ/ਲਖਨਊ: ਬਲੀਆ ਵਿੱਚ ਤਿੰਨ ਦਿਨ ਪਹਿਲਾਂ ਸੀਨੀਅਰ ਪ੍ਰਸ਼ਾਸਨ ਅਤੇ ਪੁਲੀਸ ਅਧਿਕਾਰੀਆਂ ਦੀ ਬੈਠਕ ਦੌਰਾਨ 46 ਵਰ੍ਹਿਆਂ ਦੇ ਵਿਅਕਤੀ ਦੀ ਹੱਤਿਆ ਦੇ ਮਾਮਲੇ ਵਿੱਚ ਊੱਤਰ ਪ੍ਰਦੇਸ਼ ਪੁਲੀਸ ਨੇ ਅੱਜ ਮੁੱਖ ਮੁਲਜ਼ਮ ਸਣੇ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੁੱਖ ਮੁਲਜ਼ਮ ਧੀਰੇਂਦਰ ਪ੍ਰਤਾਪ ਸਿੰਘ, ਜੋ ਸਥਾਨਕ ਭਾਜਪਾ ਆਗੂ ਹੈ, ਨੂੰ ਯੂਪੀ ਦੀ ਵਿਸ਼ੇਸ਼ ਟਾਸਕ ਫੋਰਸ ਨੇ ਸੂਬੇ ਦੀ ਰਾਜਧਾਨੀ ਲਖਨਊ ਦੇ ਪੌਲੀਟੈਕਨਿਕ ਖੇਤਰ ’ਚੋਂ ਅੱਜ ਸਵੇਰੇ ਕਾਬੂ ਕੀਤਾ, ਜਦਕਿ ਬਾਕੀ ਦੋ ਮੁਲਜ਼ਮਾਂ ਨੂੰ ਬਲੀਆ ਸ਼ਹਿਰ ਦੇ ਵੈਸ਼ਾਲੀ ਖੇਤਰ ’ਚੋਂ ਕਾਬੂ ਕੀਤਾ ਗਿਆ। ਇਸ ਨਾਲ ਪੁਲੀਸ ਵਲੋਂ ਇਸ ਕੇਸ ਸਬੰਧੀ ਕੁੱਲ ਅੱਠ ਲੋਕਾਂ ਦੀ ਗ੍ਰਿਫ਼ਤਾਰੀ ਕੀਤੀ ਗਈ ਹੈ। ਕੇਸ ਵਿੱਚ ਅੱਠ ਜਣੇ ਨਾਮਜ਼ਦ ਹਨ ਜਦਕਿ 20-25 ਅਣਪਛਾਤੇ ਮੁਲਜ਼ਮ ਹਨ। ਇਸੇ ਦੌਰਾਨ ਮ੍ਰਿਤਕ ਦੇ ਭਰਾ ਜੈ ਪ੍ਰਕਾਸ਼ ਪਾਲ ਗਾਮਾ ਨੇ ਦੋਸ਼ੀ ਲਈ ਸਖ਼ਤ ਸਜ਼ਾ, ਪਰਿਵਾਰ ਲਈ ਸੁਰੱਖਿਆ, 50 ਲੱਖ ਰੁਪਏ ਦੀ ਸਹਾਇਤਾ ਅਤੇ ਸਰਕਾਰੀ ਨੌਕਰੀ ਦੀ ਮੰਗ ਕੀਤੀ ਹੈ। -ਪੀਟੀਆਈ
ਬਲੀਆ ਕੇਸ ’ਚ ਭਾਜਪਾ ਕਿਸ ਪਾਸੇ ਹੈ: ਪ੍ਰਿਯੰਕਾ
ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਭਾਜਪਾ ਨੂੰ ਸਵਾਲ ਕੀਤਾ ਕਿ ਤਿੰਨ ਦਿਨ ਪਹਿਲਾਂ ਬਲੀਆ ਵਿੱਚ ਸਥਾਨਕ ਭਾਜਪਾ ਆਗੂ ਵਲੋਂ ਐੱਸਡੀਐੱਮ ਤੇ ਪੁਲੀਸ ਦੀ ਮੌਜੂਦਗੀ ਵਿੱਚ ਇੱਕ ਵਿਅਕਤੀ ਦਾ ਗੋਲੀ ਮਾਰ ਕੇ ਕਤਲ ਕਰ ਦੇਣ ਦੀ ਘਟਨਾ ਵਿੱਚ ਊਹ ਕਿਸ ਦਾ ਸਾਥ ਦੇ ਰਹੀ ਹੈ। ਟਵਿੱਟਰ ’ਤੇ ਕੀਤੇ ਕਈ ਟਵੀਟਾਂ ਦੌਰਾਨ ਪ੍ਰਿਯੰਕਾ ਨੇ ਭਾਜਪਾ ਦੀ ਨਿੰਦਾ ਕਰਦਿਆਂ ਮੌਜੂਦਾ ਭਾਜਪਾ ਵਿਧਾਇਕ ’ਤੇ ਖੁੱਲ੍ਹੇਆਮ ਮੁਲਜ਼ਮ ਦੀ ਮੱਦਦ ਕਰਨ ਦੇ ਦੋਸ਼ ਲਾਏ। ਊਨ੍ਹਾਂ ਸਵਾਲ ਕੀਤਾ, ‘‘ਬਲੀਆ ਕਾਂਡ ਵਿੱਚ ਭਾਜਪਾ ਸਰਕਾਰ ਕਿਸ ਦਾ ਸਾਥ ਦੇ ਰਹੀ ਹੈ।’’ ਇੱਕ ਹੋਰ ਟਵੀਟ ਰਾਹੀਂ ਊਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਤੋਂ ਜਾਣਨਾ ਚਾਹਿਆ ਕਿ ਕੀ ਊਹ ਭਾਜਪਾ ਵਿਧਾਇਕ ਨਾਲ ਹਨ ਅਤੇ ਜੇਕਰ ਨਹੀਂ ਤਾਂ ਫਿਰ ਊਹ ਅਜੇ ਤੱਕ ਭਾਜਪਾ ਨਾਲ ਕਿਉਂ ਹੈ। -ਪੀਟੀਆਈ