ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 25 ਸਤੰਬਰ
ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਵੀਰਵਾਰ ਦੀ ਰਾਤ ਬੇਕਾਬੂ ਕਲੱਸਟਰ ਬੱਸ ਕਾਰਨ ਕਈ ਰਾਹਗੀਰ ਜ਼ਖ਼ਮੀ ਹੋ ਗਏ। ਇਸ ਹਾਦਸੇ ਵਿੱਚ 12 ਸਾਲਾ ਲੜਕੇ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਰਾਤ ਦੇ ਕਰੀਬ 9.30 ਵਜੇ ਦਿੱਲੀ ਦੇ ਨੰਦ ਨਗਰੀ ਖੇਤਰ ਵਿੱਚ ਵਾਪਰਿਆ। ਬੱਸ ਚਾਲਕ ਨੂੰ ਆਸ ਪਾਸ ਦੇ ਲੋਕਾਂ ਨੇ ਫੜ ਲਿਆ ਤੇ ਪੁਲੀਸ ਦੇ ਹਵਾਲੇ ਕਰ ਦਿੱਤਾ। ਕਲੱਸਟਰ ਬੱਸ ਮੰਡੋਲੀ ਫਲਾਈਓਵਰ ਤੋਂ ਭੋਪੁਰਾ ਵੱਲ ਜਾ ਰਹੀ ਸੀ। ਜਦੋਂ ਬੱਸ ਫਲਾਈਓਵਰ ਤੋਂ ਉਤਰ ਰਹੀ ਸੀ ਤਾਂ ਡਰਾਈਵਰ ਨੇ ਆਪਣਾ ਕੰਟਰੋਲ ਗੁਆ ਲਿਆ। ਬੇਕਾਬੂ ਬੱਸ ਇਕ ਤੇਜ਼ ਰਫਤਾਰ ਨਾਲ ਸਰਵਿਸ ਰੋਡ ਦੇ ਨਾਲ ਸੜਕ ਵੱਲ ਵਧ ਗਈ। ਹਾਦਸੇ ਤੋਂ ਬਾਅਦ ਡਰਾਈਵਰ ਨੇ ਉਥੋਂ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਕੋਸ਼ਿਸ਼ ਵਿਚ ਬੱਸ ਨੇ ਪਿੱਛੇ ਤੋਂ ਸਰਵਿਸ ਰੋਡ ’ਤੇ ਖੜੇ ਟਾਟਾ 407 ਨੂੰ ਟੱਕਰ ਮਾਰ ਦਿੱਤੀ। ਬੱਸ ਇੰਨੀ ਜ਼ਬਰਦਸਤ ਨਾਲ ਟਕਰਾ ਗਈ ਕਿ 407 ਸੜਕ ਦੇ ਦੂਸਰੇ ਪਾਸੇ ਚਲੀ ਗਈ। ਬੱਚਿਆਂ ਸਮੇਤ ਜ਼ਖਮੀ ਹਾਲਤ ਵਿੱਚ ਲੋਕਾਂ ਨੂੰ ਵੇਖਣ ਤੋਂ ਬਾਅਦ ਮੌਜੂਦ ਲੋਕ ਗੁੱਸੇ ਵਿੱਚ ਆ ਗਏ ਤੇ ਬੱਸ ‘ਤੇ ਪੱਥਰ ਸੁੱਟਣੇ ਸ਼ੁਰੂ ਕਰ ਦਿੱਤੇ। ਲੋਕਾਂ ਨੇ ਬੱਸ ਚਾਲਕ ਨੂੰ ਮੌਕੇ ਤੋਂ ਫੜ ਲਿਆ।