ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 5 ਨਵੰਬਰ
ਮੁੱਖ ਅੰਸ਼
- ਪਾਬੰਦੀ ਦੇ ਬਾਵਜੂਦ ਪਟਾਕੇ ਚਲਾਉਣ ’ਤੇ ਉੱਠ ਰਹੇ ਨੇ ਸਵਾਲ
ਸੰਯੁਕਤ ਕਿਸਾਨ ਮੋਰਚੇ ਦੇ ਵਾਲੰਟੀਅਰਾਂ ਦੀ ਚੌਕਸੀ ਦੇ ਬਾਵਜੂਦ ਦੀਵਾਲੀ ਦੀ ਰਾਤ ਕੁੱਝ ਸ਼ਰਾਰਤੀ ਅਨਸਰ ਸਿੰਘੂ ਦੇ ਕਿਸਾਨ ਮੋਰਚੇ ’ਤੇ ਪਟਾਕੇ ਚਲਾਉਣ ਲੱਗ ਪਏ ਜਿਸ ਕਾਰਨ ਅੱਗ ਲੱਗ ਗਈ। ਕਿਸਾਨਾਂ ਵੱਲੋਂ ਲਾਏ ਗਏ ਆਰਜ਼ੀ ਟੈਂਟਾਂ ਵਿੱਚੋਂ ਤਿੰਨ ਟੈਂਟ ਅੱਗ ਕਾਰਨ ਸੜ ਗਏ ਅਤੇ ਇੱਕ ਟਰਾਲੀ ਵੀ ਨੁਕਸਾਨੀ ਗਈ। ਟਰਾਲੀ ਅਤੇ ਇੱਕ ਟੈਂਟ ਲਸਾੜਾ ਪਿੰਡ (ਜਲੰਧਰ) ਦੇ ਕਿਸਾਨਾਂ ਦਾ ਸੀ। ਬਾਕੀ ਦੋ ਟੈਂਟ ਪਿੰਡ ਪਾਲਾਂ (ਤਹਿਸੀਲ ਫਿਲੌਰ) ਅਤੇ ਚਹਿਲ ਖੁਰਦ (ਸ਼ਹੀਦ ਭਗਤ ਸਿੰਘ ਨਗਰ) ਦੇ ਕਿਸਾਨਾਂ ਦੇ ਸਨ। ਕਿਸਾਨ ਆਗੂਆਂ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕਰਦਿਆਂ ਦੋਸ਼ ਲਾਇਆ ਹੈ ਕਿ ਸੱਤਾਧਾਰੀ ਧਿਰ ਦੇ ਕਥਿਤ ਇਸ਼ਾਰੇ ’ਤੇ ਸ਼ਰਾਰਤੀ ਅਨਸਰਾਂ ਨੇ ਦੀਵਾਲੀ ਮੌਕੇ ਜਾਣਬੁੱਝ ਕੇ ਪਟਾਕੇ ਟੈਂਟਾਂ ਵੱਲ ਚਲਾਏ।
ਕਿਸਾਨ ਆਗੂਆਂ ਨੇ ਸਵਾਲ ਖੜ੍ਹੇ ਕੀਤੇ ਹਨ ਕਿ ਹਰਿਆਣਾ ਸਰਕਾਰ ਵੱਲੋਂ ਜਿਨ੍ਹਾਂ 14 ਜ਼ਿਲ੍ਹਿਆਂ ’ਚ ਪਟਾਕੇ ਚਲਾਉਣ, ਵੇਚਣ ਅਤੇ ਭੰਡਾਰ ਕਰਨ ਦੀ ਮਨਾਹੀ ਕੀਤੀ ਗਈ ਸੀ, ਉਨ੍ਹਾਂ ਵਿੱਚ ਸੋਨੀਪਤ ਜ਼ਿਲ੍ਹਾ ਵੀ ਸ਼ਾਮਲ ਹੈ। ਸਿੰਘੂ ਮੋਰਚੇ ’ਤੇ ਜਿਹੜੀ ਥਾਂ ਉਪਰ ਟੈਂਟ ਸੁਆਹ ਹੋਏ ਹਨ, ਉਹ ਇਲਾਕਾ ਸੋਨੀਪਤ ਜ਼ਿਲ੍ਹੇ ਦੇ ਕੁੰਡਲੀ ਥਾਣੇ ਅਧੀਨ ਪੈਂਦਾ ਹੈ। ਜਾਣਕਾਰੀ ਅਨੁਸਾਰ ਦੀਵਾਲੀ ਦੀ ਰਾਤ ਸ਼ਾਮ 7 ਵਜੇ ਮਗਰੋਂ ਕੁੱਝ ਲੜਕੇ ਆਏ ਅਤੇ ਉਹ ਪਟਾਕੇ ਚਲਾਉਣ ਲੱਗ ਪਏ। ਉਨ੍ਹਾਂ ਇੱਕ ਮੰਦਰ ਕੋਲ ਵੀ ਪਟਾਕੇ ਚਲਾਏ ਪਰ ਪੁਜਾਰੀ ਵੱਲੋਂ ਰੋਕਣ ’ਤੇ ਉਹ ਕਥਿਤ ਸ਼ਰਾਰਤੀ ਅਨਸਰ ਉੱਥੋਂ ਚਲੇ ਗਏ। ਪਟਾਕਿਆਂ ਤੋਂ ਫੈਲੀ ਅੱਗ ਭੜਕ ਗਈ ਅਤੇ ਇੱਕ ਗੈਸ ਸਿਲੰਡਰ ਫਟਣ ਕਾਰਨ ਇਹ ਹੋਰ ਤੇਜ਼ੀ ਨਾਲ ਫੈਲੀ ਤੇ ਇੱਕ ਟਰਾਲੀ ਸਮੇਤ ਤਿੰਨ ਟੈਂਟ ਇਸ ਦੀ ਜ਼ੱਦ ਵਿੱਚ ਆ ਗਏ। ਟੈਂਟਾਂ ਵਿੱਚ ਰੱਖਿਆ ਸਾਰਾ ਸਾਮਾਨ ਸੁਆਹ ਹੋ ਗਿਆ। ਯੂਥ ਕਿਸਾਨ ਆਗੂ ਭੁਪਿੰਦਰ ਸਿੰਘ ਲੌਂਗੋਵਾਲ ਨੇ ਕਿਹਾ ਕਿ ਕਿਸਾਨਾਂ ਵੱਲੋਂ ਪਹਿਲਾਂ ਹੀ ਅੱਗ ਬੁਝਾਉਣ ਲਈ ਟੈਂਕੀਆਂ ’ਚ ਪਾਣੀ ਭਰ ਰੱਖਿਆ ਸੀ ਅਤੇ ਇੱਕ ਟਰੈਕਟਰ ਉਪਰ ਵੀ ਅਜਿਹੇ ‘ਪ੍ਰੈਸ਼ਰ ਵਾਲੇ’ ਪ੍ਰਬੰਧ ਕੀਤੇ ਹੋਏ ਹੋਣ ਕਰਕੇ ਅੱਗ ਕਾਬੂ ਕਰਨ ’ਚ ਕਾਮਯਾਬੀ ਹਾਸਲ ਕੀਤੀ। ਫਾਇਰ ਬ੍ਰਿਗੇਡ ਦੀ ਗੱਡੀ ਤੇ ਸਥਾਨਕ ਪੁਲੀਸ ਵੀ ਬਾਅਦ ਵਿੱਚ ਮੌਕੇ ਉਪਰ ਪਹੁੰਚੀ। ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਤੇ ਬੀਕੇਯੂ (ਕਾਦੀਆਂ) ਦੇ ਬਲਵਿੰਦਰ ਸਿੰਘ ਸਾਬੀ ਨੇ ਕਿਹਾ ਕਿ ਪਹਿਲਾਂ ਹੀ ਵਾਲੰਟੀਅਰ ਚੌਕਸ ਸਨ ਅਤੇ ਅੱਗ ਕਾਬੂ ਕਰਨ ਮਗਰੋਂ ਰਾਤ ਦੇ 3 ਵਜੇ ਤੱਕ ਵਾਲੰਟੀਅਰਾਂ ਨੇ ਡਿਊਟੀਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਪੁਲੀਸ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ। ਸ੍ਰੀ ਜਗਮੋਹਨ ਸਿੰਘ ਨੇ ਸ਼ੱਕ ਜ਼ਾਹਿਰ ਕੀਤਾ ਕਿ ਸੱਤਾਧਾਰੀ ਧਿਰ ਦੇ ਇਸ਼ਾਰੇ ’ਤੇ ਇਹ ਹਰਕਤ ਕੀਤੀ ਗਈ ਹੈ ਕਿਉਂਕਿ ਸੋਨੀਪਤ ਜ਼ਿਲ੍ਹੇ ’ਚ ਪਟਾਕਿਆਂ ਦੀ ਮਨਾਹੀ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ‘ਮਾੜੀਆਂ ਹਰਕਤਾਂ’ ਕਿਸਾਨਾਂ ਦੇ ਹੌਸਲੇ ਨਹੀਂ ਡੇਗ ਸਕਦੀਆਂ ਹਨ।