ਨਵੀਂ ਦਿੱਲੀ, 4 ਸਤੰਬਰ
ਸਰਕਾਰ ਨੇ ਭਾਰਤੀ ਹਵਾਈ ਅੱਡਿਆਂ ’ਤੇ ਸੁਰੱਖਿਆ ਪ੍ਰਬੰਧਾਂ ਵਿੱਚ ਸੁਧਾਰ ਦੇ ਨਾਂ ਉੱਤੇ ਸੀਆਈਐੱਸਐੱਫ ਦੀਆਂ 3000 ਤੋਂ ਵੱਧ ਅਸਾਮੀਆਂ ਖ਼ਤਮ ਕਰ ਦਿੱਤੀਆਂ ਹਨ ਅਤੇ ਉਨ੍ਹਾਂ ਦੀ ਥਾਂ ’ਤੇ ਨਿਗਰਾਨੀ ਅਤੇ ਸੁਰੱਖਿਆ ਲਈ ਸਮਾਰਟ ਤਕਨਾਲੋਜੀ ਦੀ ਮਦਦ ਨਾਲ ਪ੍ਰਾਈਵੇਟ ਸਕਿਉਰਿਟੀ ਕਰਮਚਾਰੀ ਗ਼ੈਰ-ਸੰਵੇਦਨਸ਼ੀਲ ਸੇਵਾਵਾਂ ਨਿਭਾਉਣਗੇ। ਸਾਲ 2018-19 ਦੌਰਾਨ ਸ਼ਹਿਰੀ ਹਵਾਬਾਜ਼ੀ ਬਾਰੇ ਕੇਂਦਰੀ ਮੰਤਰਾਲੇ ਅਤੇ ਸ਼ਹਿਰੀ ਹਵਾਬਾਜ਼ੀ ਸੁਰੱਖਿਆ ਬਿਊਰੋ (ਬੀਸੀਏਐੱਸ) ਅਤੇ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐੱਸਐੱਫ) ਵੱਲੋਂ ਸਾਂਝੇ ਤੌਰ ’ਤੇ ਲਏ ਗਏ ਫ਼ੈਸਲੇ ਨੂੰ 50 ਸਿਵਲ ਹਵਾਈ ਅੱਡਿਆਂ ’ਤੇ ਲਾਗੂ ਕਰ ਦਿੱਤਾ ਗਿਆ ਹੈ। ਬੀਸੀਏਐੱਸ ਵੱਲੋਂ ਤਿਆਰ ਕੀਤੇ ਗਏ ਖਾਕੇ ਅਨੁਸਾਰ ਸੀਆਈਐੱਸਐੱਫ ਦੀਆਂ 3049 ਹਵਾਬਾਜ਼ੀ ਸੁਰੱਖਿਆ ਕਰਮੀਆਂ ਦੀਆਂ ਅਸਾਮੀਆਂ ਦੀ ਥਾਂ ’ਤੇ ਹੁਣ ਹਵਾਈ ਅੱਡਿਆਂ ’ਤੇ 1924 ਪ੍ਰਾਈਵੇਟ ਸੁਰੱਖਿਆ ਕਰਮਚਾਰੀ ਨਿਯੁਕਤ ਕੀਤੇ ਜਾਣਗੇ ਅਤੇ ਸੁਰੱਖਿਆ ਪ੍ਰਬੰਧਾਂ ਦੀ ਨਿਗਰਾਨੀ ਲਈ ਸੀਸੀਟੀਵੀ ਕੈਮਰਿਆਂ ਤੇ ਬੈਗ ਸਕੈਨਰਾਂ ਸਣੇ ਸਮਾਰਟ ਤਕਨਾਲੋਜੀ ਦੀ ਮਦਦ ਲਈ ਜਾਵੇਗੀ। ਸੀਨੀਅਰ ਸੁਰੱਖਿਆ ਅਧਿਕਾਰੀ ਨੇ ਦੱਸਿਆ ਕਿ ਨਵਾਂ ਸੁਰੱਖਿਆ ਢਾਂਚਾ ਹਵਾਬਾਜ਼ੀ ਖੇਤਰ ਵਿੱਚ ਨਾ ਸਿਰਫ਼ 1900 ਨਵੀਆਂ ਨੌਕਰੀਆਂ ਪੈਦਾ ਕਰੇਗਾ, ਸਗੋਂ ਸੀਆਈਐੱਸਐੱਫ ਅਧੀਨ ਆਉਂਦੇ ਸੁਰੱਖਿਆ ਖੇਤਰ ਵਿੱਚ ਮਨੁੱਖੀ ਸ਼ਕਤੀ ਨੂੰ ਹੁਲਾਰਾ ਵੀ ਦੇਵੇਗਾ। ਉਨ੍ਹਾਂ ਦੱਸਿਆ ਕਿ ਪ੍ਰਾਈਵੇਟ ਸੁਰੱਖਿਆ ਕਰਮਚਾਰੀਆਂ ਨੂੰ ਦਿੱਲੀ, ਮੁੰਬਈ ਅਤੇ ਹੋਰ ਥਾਵਾਂ ’ਤੇ ਤਾਇਨਾਤ ਕੀਤਾ ਜਾ ਰਿਹਾ ਹੈ। -ਪੀਟੀਆਈ