ਨਵੀਂ ਦਿੱਲੀ, 31 ਦਸੰਬਰ
ਭਾਜਪਾ ਨੇ ਵੈਬਿਨਾਰਾਂ ਦੌਰਾਨ ‘ਇੱਕ ਰਾਸ਼ਟਰ, ਇੱਕ ਚੋਣ’ ਦੇ ਵਿਚਾਰ ਦੀ ਹਮਾਇਤ ਕਰਦਿਆਂ ਵਾਰ-ਵਾਰ ਚੋਣਾਂ ਕਰਾਉਣ ਦੀਆਂ ‘ਖ਼ਾਮੀਆਂ’ ਅਤੇ ਭਾਰਤ ਵਿੱਚ 1960 ਤੱਕ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਇੱਕੋ ਸਮੇਂ ’ਤੇ ਹੋਣ ਦੇ ਤੱਥ ਨੂੰ ਉਭਾਰਿਆ ਹੈ।
ਇੱਥੇ ਅੱਜ ਵੈਬਿਨਾਰ ਮੌਕੇ ਭਾਜਪਾ ਦੇ ਮੁੱਖ ਤਰਜਮਾਨ ਅਨਿਲ ਬਲੂਨੀ ਨੇ ਕਿਹਾ ਕਿ ਦੇਸ਼ ਦੇ ਕੁਝ ਹਿੱਸਿਆਂ ਵਿੱਚ ਸੂਬਾਈ ਜਾਂ ਸਥਾਨਕ ਸਰਕਾਰਾਂ ਬਾਰੇ ਚੋਣਾਂ ਕਾਰਨ ਜ਼ਿਆਦਾਤਰ ਸਮਾਂ ਚੋਣ ਜ਼ਾਬਤਾ ਲੱਗਿਆ ਰਹਿੰਦਾ ਹੈ, ਜਿਸ ਨਾਲ ਵਿਕਾਸ ਕਾਰਜਾਂ ਵਿੱਚ ਵਿਘਨ ਪੈਂਦਾ ਹੈ ਅਤੇ ਜਨਤਾ ਦੇ ਪੈਸੇ ਦੀ ਬਰਬਾਦੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਕਸਰ ਇਕੋ ਸਮੇਂ ਲੋਕ ਸਭਾ, ਵਿਧਾਨ ਸਭਾ ਅਤੇ ਸਥਾਨਕ ਸਰਕਾਰਾਂ ਬਾਰੇ ਚੋਣਾਂ ਦੀ ਲੋੜ ਦੀ ਗੱਲ ਕਰਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਸੱਤਾਧਿਰ ਚਾਹੁੰਦੀ ਹੈ ਕਿ ਇਸ ਮਾਮਲੇ ’ਤੇ ਸਹਿਮਤੀ ਬਣੇ। -ਪੀਟੀਆਈ