ਸ਼ਿਵਮੋਗਾ, 21 ਮਾਰਚ
ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਰਨਾਟਕ ਦੇ ਕਿਸਾਨਾਂ ਨੂੰ ਟਰੈਕਟਰਾਂ ਨਾਲ ਬੰਗਲੌਰ ਨੂੰ ਆਉਂਦੀਆਂ ਸੜਕਾਂ ਨੂੰ ਜਾਮ ਕਰ ਕੇ ਸ਼ਹਿਰ ਨੂੰ ਦਿੱਲੀ ਵਾਂਗ ਸੰਘਰਸ਼ ਦਾ ਕੇਂਦਰ ਬਣਾਉਣ ਦਾ ਸੱਦਾ ਦਿੱਤਾ ਹੈ। ਇੱਥੇ ਸ਼ਨਿੱਚਰਵਾਰ ਨੂੰ ਕਿਸਾਨਾਂ ਦੀ ਮਹਾਪੰਚਾਇਤ ਨੂੰ ਸੰਬੋਧਨ ਕਰਦਿਆਂ ਟਿਕੈਤ ਨੇ ਕਿਹਾ, ‘‘ਤੁਸੀਂ ਬੰਗਲੌਰ ਨੂੰ ਦਿੱਲੀ ਵਾਂਗ ਸੰਘਰਸ਼ ਦਾ ਕੇਂਦਰ ਬਣਾਉਣਾ ਹੈ। ਤੁਹਾਨੂੰ ਸ਼ਹਿਰ ਦੀ ਚਾਰੇ ਪਾਸੇ ਤੋਂ ਘੇਰਾਬੰਦੀ ਕਰਨੀ ਹੋਵੇਗੀ।’’ ਉਨ੍ਹਾਂ ਕਿਹਾ ਕਿ ਰਸ਼ਤਿਆਂ ਨੂੰ ਰੋਕਣ ਲਈ ਦਿੱਲੀ ਵਾਂਗ ਸਿਰਫ਼ ਟਰੈਕਟਰ ਹੀ ਵਰਤੇ ਜਾਣ। ਟਿਕੈਤ ਨੇ ਕਿਹਾ ਕਿ ਇਹ ਸੰਘਰਸ਼ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਿਹਾ ਹੈ। ਇਸ ਤੋਂ ਇਲਾਵਾ ਹੋਰ ‘ਵਿਵਾਦਿਤ’ ਬਿੱਲ ਲਿਆਂਦੇ ਜਾ ਰਹੇ ਹਨ, ਜਿਨ੍ਹਾਂ ਦਾ ਮਕਸਦ ਕਿਸਾਨਾਂ ਨੂੰ ਜ਼ਮੀਨ ਤੋਂ ਉਜਾੜ ਕੇ ਫੈਕਟਰੀਆਂ ਵਿੱਚ ਮਜ਼ਦੂਰ ਬਣਨ ਲਈ ਮਜ਼ਬੂਰ ਕਰਨਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਬੈਂਕਾਂ ਦਾ ਨਿੱਜੀਕਰਨ ਹੋਣ ਨਾਲ ਕਰਜ਼ਈ ਕਿਸਾਨਾਂ ਨੂੰ ਕਰਜ਼ਾ ਨਾ ਚੁਕਾਉਣ ਦੀ ਸੂਰਤ ਵਿੱਚ ਜ਼ਮੀਨਾਂ ਤੋਂ ਹੱਥ ਧੋਣਾ ਪਵੇਗਾ। -ਪੀਟੀਆਈ