ਗਾਜ਼ੀਆਬਾਦ, 15 ਦਸੰਬਰ
ਕੇਂਦਰ ਸਰਕਾਰ ਵੱਲੋਂ ਤਿੰਨ ਖੇਤੀ ਕਾਨੂੰਨ ਵਾਪਸ ਲਏ ਜਾਣ ਮਗਰੋਂ ‘‘ਘਰ ਵਾਪਸੀ’ ਮਾਰਚ ਕਰਦਿਆਂ ਕਿਸਾਨ ਆਗੂ ਰਾਕੇਸ਼ ਟਿਕੈਤ ਅਤੇ ਉਨ੍ਹਾਂ ਦੇ ਸਮਰਥਕ ਬੁੱਧਵਾਰ ਨੂੰ ਦਿੱਲੀ-ਉੱਤਰ ਪ੍ਰਦੇਸ਼ ਦੇ ਬਾਰਡਰ ਗਾਜ਼ੀਪੁਰ ਤੋਂ ਆਪਣੇ ਘਰਾਂ ਨੂੰ ਰਵਾਨਾ ਹੋ ਗਏ। ਇੱਥੇ 389 ਦਿਨਾਂ ਤੋਂ ਧਰਨਾ ਚੱਲ ਰਿਹਾ ਸੀ। ਗਾਜ਼ੀਪੁਰ ਤੋਂ ਧਰਨਕਾਰੀਆਂ ਨੇ ਜਸ਼ਨ ਮਨਾਉਂਦਿਆਂ ‘ਘਰ ਵਾਪਸੀ’ ਕੀਤੀ। ਇਸ ਮੌਕੇ ਟਿਕੈਤ ਪਰਿਵਾਰ ਦੀ ਅਗਵਾਈ ਵਾਲੀ ਭਾਰਤੀ ਕਿਸਾਨ ਯੂਨੀਅਨ ਦੇ ਸਮਰਥਕਾਂ ਅਤੇ ਕਿਸਾਨਾਂ ਜਿੱਤ ਦੀ ਖੁਸ਼ੀ ਵਿੱਚ ਭੰਗੜਾ ਪਾਇਆ। ਇਸ ਤੋਂ ਪਹਿਲਾਂ ਦਿੱਲੀ-ਮੇਰਠ ਐਕਸਪ੍ਰੈੱਸਵੇਅ ਦੇ ਦਿੱਲੀ ਗੇਟ ’ਤੇ ਹਵਨ ਵੀ ਕੀਤਾ ਗਿਆ। ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਤਰਜਮਾਨ ਰਾਕੇਸ਼ ਟਿਕੈਤ ਨੇ ਆਪਣੇ ਕਾਫ਼ਲੇ ਦੇ ਗਾਜ਼ੀਪੁਰ ਤੋਂ ਪੱਛਮੀ ਯੂਪੀ ਦੇ ਜ਼ਿਲ੍ਹੇ ਮੁਜ਼ੱਫਰਪੁਰ ਦੇ ਪਿੰਡ ਸਿਸੌਲੀ ਜਾਣ ਦੌਰਾਨ ਹੋਏ ਸਵਾਗਤ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਹਨ। ਜ਼ਿਕਰਯੋਗ ਹੈ ਕਿ ਰਾਕੇਸ਼ ਟਿਕੈਤ, ਜਿਹੜੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਨਰੇਸ਼ ਟਿਕੈਤ ਦੇ ਛੋਟੇ ਭਰਾ ਹਨ, ਅਕਸਰ ਕਹਿੰਦੇ ਸਨ, ‘‘ਕਾਨੂੰਨ ਵਾਪਸੀ ਮਗਰੋਂ ਹੀ ਘਰ ਵਾਪਸੀ ਹੋਵੇਗੀ।’’ -ਪੀਟੀਈ