ਨਵੀਂ ਦਿੱਲੀ, 20 ਅਗਸਤ
ਮੁੱਖ ਅੰਸ਼
- ਕਾਂਗਰਸ ਸਣੇ 19 ਵਿਰੋਧੀ ਪਾਰਟੀਆਂ ਦੀ ਹੋਈ ਆਨਲਾਈਨ ਬੈਠਕ
- ਮੋਦੀ ਸਰਕਾਰ ’ਤੇ ਲੋਕ ਹਿੱਤਾਂ ਉਤੇ ਚਰਚਾ ਤੋਂ ਭੱਜਣ ਦਾ ਦੋਸ਼ ਲਾਇਆ
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਅੱਜ ਵਿਰੋਧੀ ਧਿਰਾਂ ਦੇ ਆਗੂਆਂ ਨੂੰ ਕਿਹਾ ਕਿ ਹੁਣ ਸਿਆਸੀ ਮਜਬੂਰੀਆਂ ਤੋਂ ਉੱਪਰ ਉੱਠ 2024 ਦੀਆਂ ਲੋਕ ਸਭਾ ਚੋਣਾਂ ਜਿੱਤਣ ਦੇ ‘ਇਕੋ-ਇਕ ਮੰਤਵ’ ਨੂੰ ਸਾਕਾਰ ਕਰਨ ਦਾ ਸਮਾਂ ਆ ਗਿਆ ਹੈ। ਕਾਂਗਰਸ ਪ੍ਰਧਾਨ ਨੇ ਅੱਜ ਭਾਜਪਾ ਵਿਰੋਧੀ ਤਾਕਤਾਂ ਦੇ ਵਿਆਪਕ ਏਕੇ ਦਾ ਸੱਦਾ ਵੀ ਦਿੱਤਾ। ਸੋਨੀਆ ਨੇ ਕਿਹਾ ਕਿ ‘ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਆਪਣੇ ਵਿਅਕਤੀਗਤ ਤੇ ਸਮੂਹਿਕ ਸੰਕਲਪ ਉਤੇ ਮੁੜ ਜ਼ੋਰ ਦੇਣ ਦਾ ਸਭ ਤੋਂ ਢੁੱਕਵਾਂ ਮੌਕਾ ਹੈ। ਮੈਂ ਇਹੀ ਕਹਾਂਗੀ ਕਿ ਕਾਂਗਰਸ ਵੱਲੋਂ ਕੋਈ ਕਮੀ ਨਹੀਂ ਛੱਡੀ ਜਾਵੇਗੀ।’ ਕਾਂਗਰਸ ਪ੍ਰਧਾਨ ਨੇ 19 ਵਿਰੋਧੀ ਪਾਰਟੀਆਂ ਨੂੰ 2024 ਦੀਆਂ ਲੋਕ ਸਭਾ ਚੋਣਾਂ ਲਈ ਇਕਜੁੱਟ ਹੋਣ ਦਾ ਸੱਦਾ ਦਿੱਤਾ ਤੇ ਕਿਹਾ ਕਿ ਦੇਸ਼ ਦੀਆਂ ਸੰਵਿਧਾਨਕ ਤਜਵੀਜ਼ਾਂ ਤੇ ਸੁਤੰਤਰਤਾ ਅੰਦੋਲਨ ਦੀਆਂ ਕਦਰਾਂ-ਕੀਮਤਾਂ ਵਿਚ ਵਿਸ਼ਵਾਸ ਰੱਖਣ ਵਾਲੀ ਸਰਕਾਰ ਦੇ ਗਠਨ ਲਈ ਵਿਰੋਧੀ ਪਾਰਟੀਆਂ ਨੂੰ ਆਪਣੀਆਂ ਮਜਬੂਰੀਆਂ ਤੋਂ ਉੱਪਰ ਉੱਠਣਾ ਪਵੇਗਾ। ਕਾਂਗਰਸ ਪ੍ਰਧਾਨ ਨੇ ਕਿਹਾ ‘ਯਕੀਨੀ ਤੌਰ ਉਤੇ ਸਾਡਾ ਟੀਚਾ 2024 ਦੀਆਂ ਲੋਕ ਸਭਾ ਚੋਣਾਂ ਹਨ। ਸਾਨੂੰ ਦੇਸ਼ ਨੂੰ ਇਕ ਅਜਿਹੀ ਸਰਕਾਰ ਦੇਣ ਦੇ ਮੰਤਵ ਨਾਲ ਯੋਜਨਾਬੱਧ ਤਰੀਕੇ ਨਾਲ ਅੱਗੇ ਵਧਣ ਦੀ ਲੋੜ ਹੈ ਜੋ ਆਜ਼ਾਦੀ ਲਈ ਚੱਲੇ ਅੰਦੋਲਨ ਦੀਆਂ ਕਦਰਾਂ-ਕੀਮਤਾਂ ਤੇ ਸੰਵਿਧਾਨਕ ਸਿਧਾਂਤਾਂ ਤੇ ਕਦਰਾਂ ਕੀਮਤਾਂ ਉਤੇ ਵਿਸ਼ਵਾਸ ਕਰਦੀ ਹੋਵੇ।’ ਉਨ੍ਹਾਂ ਵਿਰੋਧੀ ਪਾਰਟੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਇਕ ਚੁਣੌਤੀ ਹੈ ਪਰ ਅਸੀਂ ਮਿਲ-ਜੁਲ ਕੇ ਇਸ ਤੋਂ ਪਾਰ ਪਾ ਸਕਦੇ ਹਾਂ ਕਿਉਂਕਿ ਮਿਲ ਕੇ ਕੰਮ ਕਰਨ ਤੋਂ ਇਲਾਵਾ ਹੋਰ ਕੋਈ ਬਦਲ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਰਿਆਂ ਦੀਆਂ ਆਪਣੀਆਂ ਮਜਬੂਰੀਆਂ ਹਨ ਪਰ ਹੁਣ ਸਮਾਂ ਆ ਗਿਆ ਹੈ ਕਿ ਜਦ ਰਾਸ਼ਟਰ ਹਿੱਤ ਇਹ ਮੰਗ ਕਰਦਾ ਹੈ ਕਿ ਅਸੀਂ ਆਪਣੀਆਂ ਮਜਬੂਰੀਆਂ ਤੋਂ ਉੱਪਰ ਉੱਠੀਏ। ਵਿਰੋਧੀ ਪਾਰਟੀਆਂ ਦੀ ਇਸ ਵਰਚੁਅਲ ਬੈਠਕ ਵਿਚ ਐਨਸੀਪੀ ਦੇ ਸ਼ਰਦ ਪਵਾਰ, ਟੀਐਮਸੀ ਦੀ ਮਮਤਾ ਬੈਨਰਜੀ, ਸ਼ਿਵ ਸੈਨਾ ਦੇ ਊਧਵ ਠਾਕਰੇ ਤੇ ਡੀਐਮਕੇ ਦੇ ਐਮ.ਕੇ. ਸਟਾਲਿਨ ਨੇ ਹਿੱਸਾ ਲਿਆ। ਕਾਂਗਰਸ ਪ੍ਰਧਾਨ ਸੋਨੀਆ ਸਣੇ 19 ਵਿਰੋਧੀ ਧਿਰਾਂ ਦੇ ਆਗੂਆਂ ਨੇ ਡਿਜੀਟਲ ਬੈਠਕ ਵਿਚ ਸੰਸਦ ਦੇ ਹਾਲੀਆ ਮੌਨਸੂਨ ਇਜਲਾਸ ਦੌਰਾਨ ਨਜ਼ਰ ਆਈ ਵਿਰੋਧੀ ਧਿਰਾਂ ਦੀ ਇਕਜੁੱਟਤਾ ਦਾ ਜ਼ਿਕਰ ਕੀਤਾ ਤੇ ਕਿਹਾ ‘ਮੈਨੂੰ ਭਰੋਸਾ ਹੈ ਕਿ ਇਹ ਇਕਜੁੱਟਤਾ ਸੰਸਦ ਦੇ ਅਗਲੇ ਸੈਸ਼ਨਾਂ ਵਿਚ ਵੀ ਬਣੀ ਰਹੇਗੀ। ਪਰ ਵਿਆਪਕ ਸਿਆਸੀ ਜੰਗ ਸੰਸਦ ਤੋਂ ਬਾਹਰ ਲੜੀ ਜਾਣੀ ਹੈ। ਸੋਨੀਆ ਨੇ ਕਿਹਾ ਕਿ ਮੌਨਸੂਨ ਇਜਲਾਸ ਸਰਕਾਰ ਦੇ ਹੰਕਾਰੀ ਰਵੱਈਏ ਕਾਰਨ ਨਹੀਂ ਚੱਲ ਸਕਿਆ। ਸਰਕਾਰ ਲੋਕ ਹਿੱਤ ਨਾਲ ਜੁੜੇ ਕਈ ਅਹਿਮ ਮੁੱਦਿਆਂ ਜਿਵੇਂ ਕਿ ‘ਕਿਸਾਨ ਵਿਰੋਧੀ’ ਖੇਤੀ ਕਾਨੂੰਨਾਂ, ਪੈਗਾਸਸ, ਮਹਿੰਗਾਈ ’ਤੇ ਚਰਚਾ ਤੋਂ ਮੁੱਕਰਦੀ ਰਹੀ ਹੈ। ਸੰਘਵਾਦ ਤੇ ਲੋਕਤੰਤਰ ਲਈ ਪੈਦਾ ਹੋਏ ਖ਼ਤਰਿਆਂ ’ਤੇ ਵੀ ਵਿਚਾਰ-ਚਰਚਾ ਨਹੀਂ ਕੀਤੀ ਗਈ। ਸੋਨੀਆ ਨੇ ਮੀਟਿੰਗ ਵਿਚ ਕਿਹਾ ਕਿ ਵਿਰੋਧੀ ਧਿਰਾਂ ਦੇ ਸੰਘਰਸ਼ ਤੋਂ ਬਾਅਦ ਸਰਕਾਰ ਨੂੰ ਟੀਕਿਆਂ ਦੀ ਖ਼ਰੀਦ ਵਿਚ ਕੁਝ ਬਦਲਾਅ ਕਰਨੇ ਪਏ ਸਨ। ਮੀਟਿੰਗ ਵਿਚ ਹੇਮੰਤ ਸੋਰੇਨ (ਜੇਐਮਐਮ), ਫਾਰੂਕ ਅਬਦੁੱਲਾ (ਐਨਸੀ) ਤੇ ਮਹਬਿੂਬਾ ਮੁਫ਼ਤੀ (ਪੀਡੀਪੀ), ਸੀਤਾਰਾਮ ਯੇਚੁਰੀ (ਸੀਪੀਐਮ), ਡੀ. ਰਾਜਾ (ਸੀਪੀਆਈ), ਸ਼ਰਦ ਯਾਦਵ (ਐਲਜੇਡੀ) ਨੇ ਵੀ ਹਿੱਸਾ ਲਿਆ। ਬੈਠਕ ਵਿਚ ‘ਆਪ’, ‘ਬਸਪਾ’ ਤੇ ‘ਸਪਾ’ ਦੇ ਆਗੂ ਹਾਜ਼ਰ ਨਹੀਂ ਸਨ। ਇਸੇ ਦੌਰਾਨ ਬੈਠਕ ਵਿਚ ਆਰਜੇਡੀ ਆਗੂ ਤੇਜਸਵੀ ਯਾਦਵ ਨੇ ਕਿਹਾ ਕਿ ਖੇਤਰੀ ਪਾਰਟੀਆਂ ਨੂੰ ਉਨ੍ਹਾਂ ਇਲਾਕਿਆਂ ਵਿਚ ਤਰਜੀਹ ਮਿਲਣੀ ਚਾਹੀਦੀ ਹੈ ਜਿੱਥੇ ਉਹ ਮਜ਼ਬੂਤ ਹਨ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਨੂੰ ਚੋਣਾਂ ਦੇ ਮਾਮਲੇ ਵਿਚ ਧਾਰ ਤਿੱਖੀ ਕਰਨ ਤੇ ਨਵੇਂ ਤੌਰ-ਤਰੀਕੇ ਅਪਣਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਨੂੰ ਆਪਣੇ ਏਜੰਡੇ ਉਤੇ ਹੀ ਚੋਣ ਲੜਨੀ ਚਾਹੀਦੀ ਹੈ। -ਪੀਟੀਆਈ
ਦੇਸ਼ ਭਰ ’ਚ 20-30 ਸਤੰਬਰ ਤੱਕ ਹੋਣਗੇ ਸਾਂਝੇ ਰੋਸ ਮੁਜ਼ਾਹਰੇ
ਬੈਠਕ ਤੋਂ ਬਾਅਦ ਸਾਂਝਾ ਬਿਆਨ ਜਾਰੀ ਕਰਦਿਆਂ ਵਿਰੋਧੀ ਧਿਰਾਂ ਨੇ ਕਿਹਾ ਕਿ ਉਹ ਪੂਰੇ ਮੁਲਕ ਵਿਚ 20-30 ਸਤੰਬਰ ਤੱਕ ਸਾਂਝੇ ਪੱਧਰ ਉਤੇ ਰੋਸ ਮੁਜ਼ਾਹਰੇ ਕਰਨਗੇ। ਵਿਰੋਧੀ ਧਿਰਾਂ ਦੇ ਸੂਬਾਈ ਮੁਖੀ ਇਨ੍ਹਾਂ ਜਨਤਕ ਰੋਸ ਮੁਜ਼ਾਹਰਿਆਂ ਬਾਰੇ ਫ਼ੈਸਲੇ ਲੈਣਗੇ। ਵਿਰੋਧੀ ਧਿਰਾਂ ਨੇ ਕਿਹਾ ਕਿ ਕੋਵਿਡ ਦੇ ਨੇਮਾਂ ਨੂੰ ਧਿਆਨ ਵਿਚ ਰੱਖ ਕੇ ਧਰਨੇ, ਹੜਤਾਲ ਦੇ ਹੋਰ ਕਈ ਤਰ੍ਹਾਂ ਦੇ ਰੋਸ ਮੁਜ਼ਾਹਰੇ ਕੀਤੇ ਜਾ ਸਕਦੇ ਹਨ। ਵਿਰੋਧੀ ਧਿਰਾਂ ਦੇ ਆਗੂਆਂ ਨੇ ਕਿਹਾ ਕਿ ਉਹ ਭਾਰਤ ਵਾਸੀਆਂ ਨੂੰ ਸੱਦਾ ਦਿੰਦੇ ਹਨ ਕਿ ਦੇਸ਼ ਦੀ ਧਰਮ ਨਿਰਪੱਖ, ਲੋਕਤੰਤਰਿਕ ਪਛਾਣ ਦੀ ਰਾਖੀ ਲਈ ਇਸ ਮੌਕੇ ਇਕੱਠੇ ਹੋਣ।
ਹੋਰਨਾਂ ਪਾਰਟੀਆਂ ਦਾ ਆਸਰਾ ਲੈਣ ਲਈ ਮਜਬੂਰ ਹੋਈ ਕਾਂਗਰਸ: ਭਾਜਪਾ
ਨਵੀਂ ਦਿੱਲੀ: ਭਾਜਪਾ ਨੇ ਅੱਜ ਕਿਹਾ ਕਿ ਅਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਵਿਰੋਧੀ ਧਿਰਾਂ ਦੇ ਇਕਜੁੱਟ ਹੋਣ ਦਾ ਕਾਂਗਰਸ ਦਾ ਸੱਦਾ ਦਰਸਾਉਂਦਾ ਹੈ ਕਿ ਜਨਤਾ ਵੱਲੋਂ ‘ਖਾਰਜ’ ਕੀਤੇ ਜਾਣ ਤੋਂ ਬਾਅਦ ਪ੍ਰਮੁੱਖ ਵਿਰੋਧੀ ਧਿਰ ਆਪਣਾ ਭਰੋਸਾ ਗੁਆ ਚੁੱਕੀ ਹੈ। ਭਾਜਪਾ ਦੇ ਮੀਡੀਆ ਵਿਭਾਗ ਦੇ ਮੁਖੀ ਤੇ ਰਾਜ ਸਭਾ ਮੈਂਬਰ ਅਨਿਲ ਬਲੂਨੀ ਨੇ ਕਿਹਾ ਕਿ ਕਾਂਗਰਸ ਹੁਣ ਸਹਿਯੋਗੀ ਦਲਾਂ ਵੱਲ ਦੇਖ ਰਹੀ ਹੈ ਪਰ ਕਾਂਗਰਸ ਵਿਚ ਕਿਸੇ ਨੂੰ ਹੁਣ ਦਿਲਚਸਪੀ ਨਹੀਂ ਹੈ। -ਪੀਟੀਆਈ
ਲੋਕਤੰਤਰ, ਧਰਮ ਨਿਰਪੱਖਤਾ ’ਚ ਯਕੀਨ ਰੱਖਣ ਵਾਲੇ ਇਕੱਠੇ ਹੋਣ: ਪਵਾਰ
ਮੁੰਬਈ: ਐਨਸੀਪੀ ਦੇ ਮੁਖੀ ਸ਼ਰਦ ਪਵਾਰ ਨੇ ਇਸ ਮੌਕੇ ਕਿਹਾ ਕਿ ਜਿਹੜੇ ਲੋਕਤੰਤਰ ਤੇ ਧਰਮ ਨਿਰਪੱਖਤਾ ਵਿਚ ਯਕੀਨ ਰੱਖਦੇ ਹਨ, ਉਨ੍ਹਾਂ ਨੂੰ ਇਕੱਠੇ ਹੋਣਾ ਚਾਹੀਦਾ ਹੈ। ਉਨ੍ਹਾਂ ਇਕ ਤਰ੍ਹਾਂ ਦੀ ਵਿਚਾਰਧਾਰਾ ਰੱਖਣ ਵਾਲੀਆਂ ਪਾਰਟੀਆਂ ਦੇ ਏਕੇ ਦੀ ਸ਼ਲਾਘਾ ਕੀਤੀ। ਪਵਾਰ ਨੇ ਕਿਹਾ ਕਿ ਇਸ ਵੇਲੇ ਭਾਰਤ ਦੀ ਸਥਿਤੀ ਬਹੁਤ ਧੁੰਦਲੀ ਹੈ। ਕਿਸਾਨ ਕਈ ਮਹੀਨਿਆਂ ਤੋ ਸੰਘਰਸ਼ ਕਰ ਰਿਹਾ ਹੈ, ਹੋਰ ਵੀ ਕਈ ਮੁੱਦੇ ਹਨ। ਮੌਜੂਦਾ ਸਰਕਾਰ ਇਨ੍ਹਾਂ ਦਾ ਹੱਲ ਕਰਨ ਵਿਚ ਨਾਕਾਮ ਰਹੀ ਹੈ। -ਪੀਟੀਆਈ
ਭਾਜਪਾ ਨੂੰ ਟੱਕਰ ਦੇਣ ਲਈ ਸਾਂਝਾ ਕੋਰ ਗਰੁੱਪ ਬਣਾਇਆ ਜਾਵੇ: ਮਮਤਾ
ਕੋਲਕਾਤਾ: ਟੀਐਮਸੀ ਸੁਪਰੀਮੋ ਮਮਤਾ ਬੈਨਰਜੀ ਨੇ ਇਸ ਮੌਕੇ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵਖ਼ਰੇਵੇਂ ਦੂਰ ਕਰ ਕੇ ਭਾਜਪਾ ਨੂੰ 2024 ਵਿਚ ਹਰਾਉਣ ਲਈ ਕੰਮ ਕਰਨ। ਬੈਨਰਜੀ ਨੇ ਇਸ ਮੌਕੇ ਸਾਂਝੇ ਪ੍ਰੋਗਰਾਮ ਲਈ ਕੋਰ ਗਰੁੱਪ ਬਣਾਉਣ ਦੀ ਤਜਵੀਜ਼ ਵੀ ਰੱਖੀ। ਉਨ੍ਹਾਂ ਕਿਹਾ ਕਿ ਇਸ ਗਰੁੱਪ ਦਾ ਮੰਤਵ ਭਾਜਪਾ ਵਿਰੁੱਧ ਸਾਂਝੀਆਂ ਮੁਹਿੰਮਾਂ ਦੀ ਅਗਵਾਈ ਕਰਨਾ ਹੋਵੇਗਾ। ਉਨ੍ਹਾਂ ਕਿਹਾ ‘ਭਾਜਪਾ ਨੂੰ ਇਕਜੁੱਟ ਹੋ ਕੇ ਟੱਕਰ ਦੇਣੀ ਪਏਗੀ, ਇਹ ਭੁੱਲ ਜਾਂਦੇ ਹਾਂ ਕਿ ਆਗੂ ਕੌਣ ਹੈ, ਨਿੱਜੀ ਹਿੱਤਾਂ ਨੂੰ ਪਾਸੇ ਰੱਖ ਦਿੰਦੇ ਹਾਂ। ਹਰੇਕ ਵਿਰੋਧੀ ਪਾਰਟੀ ਨੂੰ ਨਾਲ ਲਿਆਉਣਾ ਚਾਹੀਦਾ ਹੈ।’ ਕੋਰ ਗਰੁੱਪ ਬਣਾ ਕੇ ਅਗਲੇ ਕਦਮਾਂ ਤੇ ਪ੍ਰੋਗਰਾਮ ਬਾਰੇ ਫ਼ੈਸਲਾ ਲੈਣਾ ਚਾਹੀਦਾ ਹੈ। ਟੀਐਮਸੀ ਸੁਪਰੀਮੋ ਨੇ ਬੈਠਕ ਵਿਚ ਕਿਸਾਨਾਂ ਦਾ ਮੁੱਦਾ ਵੀ ਉਠਾਇਆ। ਉਨ੍ਹਾਂ ਕੇਂਦਰ ਸਰਕਾਰ ’ਤੇ ਵਿਰੋਧੀ ਧਿਰਾਂ ਦੇ ਸ਼ਾਸਨ ਵਾਲੀਆਂ ਵੱਖ-ਵੱਖ ਸੂਬਾਂ ਸਰਕਾਰਾਂ ਨੂੰ ਤੰਗ ਕਰਨ ਦਾ ਦੋਸ਼ ਵੀ ਲਾਇਆ। ਬੈਨਰਜੀ ਨੇ ਤਜਵੀਜ਼ ਰੱਖੀ ਕਿ ਖੇਤੀ ਕਾਨੂੰਨਾਂ, ਤੇਲ ਕੀਮਤਾਂ ਤੇ ਪੈਗਾਸਸ ਜਾਸੂਸੀ ਜਿਹੇ ਮੁੱਦਿਆਂ ਖ਼ਿਲਾਫ਼ ਸਾਂਝੀਆਂ ਮੁਹਿੰਮਾਂ ਵਿੱਢੀਆਂ ਜਾ ਸਕਦੀਆਂ ਹਨ। ਉਨ੍ਹਾਂ ਨਿੱਜੀਕਰਨ ਖ਼ਿਲਾਫ਼ ਵੀ ਸੰਘਰਸ਼ ਵਿੱਢਣ ਦੀ ਤਜਵੀਜ਼ ਰੱਖੀ। -ਪੀਟੀਆਈ