ਕੋਲਕਾਤਾ: ਸਾਬਕਾ ਮੁੱਖ ਮੰਤਰੀ ਬੁੱਧਦੇਬ ਭੱਟਾਚਾਰੀਆ ਨੇ ਅੱਜ ਪੱਛਮੀ ਬੰਗਾਲ ਦੇ ਲੋਕਾਂ ਨੂੰ ਬੇਨਤੀ ਕੀਤੀ ਕਿ ਉਹ ‘ਗ਼ੈਰ ਲੋਕਤੰਤਰਿਕ’ ਟੀਐਮਸੀ ਅਤੇ ‘ਫ਼ਿਰਕੂ’ ਭਾਜਪਾ ਨੂੰ ਵਿਧਾਨ ਸਭਾ ਚੋਣਾਂ ਵਿਚ ਹਰਾ ਦੇਣ। ਉਨ੍ਹਾਂ ਕਿਹਾ ਕਿ ਸੂਬੇ ਨੂੰ ਦੋਵਾਂ ਪਾਰਟੀਆਂ ਤੋਂ ਗੰਭੀਰ ਖ਼ਤਰਾ ਹੈ। ਇਕ ਆਡੀਓ ਸੁਨੇਹੇ ਵਿਚ ਸੀਪੀਐਮ ਦੇ ਬਜ਼ੁਰਗ ਆਗੂ ਨੇ ਦਾਅਵਾ ਕੀਤਾ ਕਿ ਟੀਐਮਸੀ ਦੇ ਦਸ ਸਾਲ ਦੇ ਕਾਰਜਕਾਲ ਦੌਰਾਨ ਸੂਬੇ ਵਿਚ ਸਨਅਤੀ ਤੇ ਖੇਤੀ ਸੰਕਟ ਖੜ੍ਹਾ ਹੋ ਗਿਆ ਹੈ। ਭੱਟਾਚਾਰੀਆ ਨੇ ਕਿਹਾ ਕਿ ਸਿਰਫ਼ ਖੱਬੇ ਪੱਖੀਆਂ, ਕਾਂਗਰਸ ਤੇ ਆਈਐੱਸਐਫ ਦਾ ਗੱਠਜੋੜ ਹੀ ਬੰਗਾਲ ਨੂੰ ਬਚਾ ਸਕਦਾ ਹੈ। -ਪੀਟੀਆਈ