ਨਵੀਂ ਦਿੱਲੀ, 22 ਨਵੰਬਰ
ਤ੍ਰਿਪੁਰਾ ’ਚ ਪੁਲੀਸ ਵਧੀਕੀਆਂ ਅਤੇ ਹਿੰਸਾ ਦੇ ਵਿਰੋਧ ’ਚ ਅੱਜ ਤ੍ਰਿਣੂਮਲ ਕਾਂਗਰਸ (ਟੀਐੱਮਸੀ) ਦੇ ਸੰਸਦ ਮੈਂਬਰਾਂ ਦੇ ਇਕ ਵਫ਼ਦ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਅੱਜ ਸਵੇਰੇ ਗ੍ਰਹਿ ਮੰਤਰਾਲੇ ਦੇ ਬਾਹਰ ਧਰਨਾ ਵੀ ਦਿੱਤਾ। ਟੀਐੱਮਸੀ ਦੇ ਸੰਸਦ ਮੈਂਬਰ ਕਲਿਆਣ ਬੈਨਰਜੀ ਨੇ ਦੱਸਿਆ,‘‘ਅਸੀਂ ਗ੍ਰਹਿ ਮੰਤਰੀ ਨੂੰ ਪੂਰਾ ਵੇਰਵਾ ਦਿੱਤਾ ਕਿ ਕਿਵੇਂ ਆਗੂਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ ਅਤੇ ਸੰਸਦ ਮੈਂਬਰਾਂ ਨੂੰ ਕੁੱਟਿਆ ਜਾ ਰਿਹਾ ਹੈ। ਸ਼ਾਹ ਮੁਤਾਬਕ ਉਨ੍ਹਾਂ ਤ੍ਰਿਪੁਰਾ ਦੇ ਮੁੱਖ ਮੰਤਰੀ ਨਾਲ ਐਤਵਾਰ ਨੂੰ ਫੋਨ ’ਤੇ ਗੱਲਬਾਤ ਕੀਤੀ ਹੈ ਅਤੇ ਸਾਨੂੰ ਭਰੋਸਾ ਦਿੱਤਾ ਕਿ ਉਹ ਸੂਬੇ ਤੋਂ ਇਸ ਬਾਰੇ ਰਿਪੋਰਟ ਲੈਣਗੇ।’’ ਸ਼ਾਹ ਨੂੰ ਮਿਲਣ ਵਾਲੇ ਵਫ਼ਦ ’ਚ ਸੁਖੇਂਦੂ ਸ਼ੇਖਰ ਰਾਏ, ਸ਼ਾਂਤਨੂ ਸੈਨ, ਕਲਿਆਣ ਬੈਨਰਜੀ, ਡੈਰੇਕ ਓ’ਬ੍ਰਾਇਨ, ਮਾਲਾ ਰਾਏ ਅਤੇ 11 ਹੋਰ ਸੰਸਦ ਮੈਂਬਰ ਹਾਜ਼ਰ ਸਨ।
ਤ੍ਰਿਪੁਰਾ ’ਚ ਪੁਲੀਸ ਵਧੀਕੀਆਂ ਅਤੇ ਆਪਣੀ ਯੂਥ ਆਗੂ ਦੀ ਗ੍ਰਿਫ਼ਤਾਰੀ ਦੇ ਵਿਰੋਧ ’ਚ ਅੱਜ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਇਥੇ ਗ੍ਰਹਿ ਮੰਤਰਾਲੇ ਬਾਹਰ ਧਰਨਾ ਦਿੱਤਾ। ਸੰਸਦ ਮੈਂਬਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਟੀਐੱਮਸੀ ਆਗੂ ਸੁਖੇਂਦੂ ਸੇਖਰ ਰੇਅ ਨੇ ਕਿਹਾ,‘‘ਅਸੀਂ ਚਾਹੁੰਦੇ ਹਾਂ ਕਿ ਗ੍ਰਹਿ ਮੰਤਰੀ ਸਾਡੀ ਗੱਲ ਸੁਣਨ। ਸ਼ਾਹ ਅਤੇ ਮੋਦੀ ਨੂੰ ਤ੍ਰਿਪੁਰਾ ’ਚ ਹੋ ਰਹੀ ਹਿੰਸਾ ਲਈ ਜਵਾਬ ਦੇਣਾ ਚਾਹੀਦਾ ਹੈ।’’ ਇਕ ਹੋਰ ਸੰਸਦ ਮੈਂਬਰ ਸੌਗਾਤਾ ਰੇਅ ਨੇ ਕਿਹਾ ਕਿ ਤ੍ਰਿਪੁਰਾ ’ਚ ਪਾਰਟੀ ਦੀ ਯੂਥ ਆਗੂ ਸਯਾਨੀ ਘੋਸ਼ ਨੂੰ ਗ੍ਰਿਫ਼ਤਾਰ ਕੀਤੇ ਜਾਣ ਖ਼ਿਲਾਫ਼ ਵੀ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। -ਪੀਟੀਆਈ
ਪ੍ਰਧਾਨ ਮੰਤਰੀ ਨੂੰ ਮਿਲ ਕੇ ਤ੍ਰਿਪੁਰਾ ਹਿੰਸਾ ਅਤੇ ਬੀਐੱਸਐੱਫ ਦਾ ਅਧਿਕਾਰ ਖੇਤਰ ਵਧਾਉਣ ਦਾ ਮਾਮਲਾ ਉਠਾਵਾਂਗੀ: ਮਮਤਾ
ਕੋਲਕਾਤਾ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਕਿਹਾ ਕਿ ਉਹ ਆਪਣੇ ਦਿੱਲੀ ਦੌਰੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣਗੇ ਅਤੇ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਦਾ ਅਧਿਕਾਰ ਖੇਤਰ ਵਧਾਉਣ ਅਤੇ ਤ੍ਰਿਪੁਰਾ ਵਿਚ ਚੱਲ ਰਹੀ ਵਿਆਪਕ ਹਿੰਸਾ ਦਾ ਮੁੱਦਾ ਉਠਾਉਣਗੇ। ਮਮਤਾ ਬੈਨਰਜੀ ਨੇ ਇਹ ਵੀ ਕਿਹਾ ਕਿ ਉਹ ਤ੍ਰਿਪੁਰਾ ਵਿਚ ਪਾਰਟੀ ਕਾਰਕੁਨਾਂ ’ਤੇ ਹੋਏ ਹਮਲੇ ਦੇ ਵਿਰੋਧ ਵਜੋਂ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰਾਂ ਵੱਲੋਂ ਦਿੱਤੇ ਜਾ ਰਹੇ ਧਰਨੇ ਵਿਚ ਸ਼ਾਮਲ ਨਹੀਂ ਹੋ ਸਕਣਗੇ ਪਰ ਨਿਸ਼ਚਿਤ ਤੌਰ ’ਤੇ ਉਨ੍ਹਾਂ ਦੇ ਨਾਲ ਇਕਜੁੱਟਤਾ ਜ਼ਾਹਿਰ ਕਰਨਗੇ। ਦਿੱਲੀ ਲਈ ਰਵਾਨਾ ਹੋਣ ਤੋਂ ਪਹਿਲਾਂ ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ, ‘‘ਆਪਣੇ ਦਿੱਲੀ ਦੌਰੇ ਦੌਰਾਨ ਮੈਂ ਪ੍ਰਧਾਨ ਮੰਤਰੀ ਨੂੰ ਮਿਲਾਂਗੀ। ਇਸ ਦੌਰਾਨ ਸੂਬੇ ਸਬੰਧੀ ਵੱਖ-ਵੱਖ ਮਸਲਿਆਂ ਤੋਂ ਇਲਾਵਾ ਮੈਂ ਬੀਐੱਸਐੱਫ ਦਾ ਅਧਿਕਾਰ ਖੇਤਰ ਵਧਾਉਣ ਅਤੇ ਤ੍ਰਿਪੁਰਾ ਹਿੰਸਾ ਦੇ ਮੁੱਦੇ ਵੀ ਉਠਾਵਾਂਗੀ।’’ -ਪੀਟੀਆਈ
ਤ੍ਰਿਪੁਰਾ ਸਰਕਾਰ ਖ਼ਿਲਾਫ਼ ਅਰਜ਼ੀ ’ਤੇ ਸੁਪਰੀਮ ਕੋਰਟ ’ਚ ਸੁਣਵਾਈ ਅੱਜ
ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਤ੍ਰਿਣਮੂਲ ਕਾਂਗਰਸ (ਟੀਐੱਮਸੀ) ਵੱਲੋਂ ਤ੍ਰਿਪੁਰਾ ਸਰਕਾਰ ਅਤੇ ਹੋਰਾਂ ਖ਼ਿਲਾਫ਼ ਇੱਜ਼ਤ ਹੱਤਕ ਦੀ ਕਾਰਵਾਈ ਮੰਗਦਿਆਂ ਦਾਖ਼ਲ ਕੀਤੀ ਗਈ ਅਰਜ਼ੀ ’ਤੇ ਭਲਕੇ ਸੁਣਵਾਈ ਦੀ ਸਹਿਮਤੀ ਦੇ ਦਿੱਤੀ ਹੈ। ਅਰਜ਼ੀ ’ਚ ਦੋਸ਼ ਲਾਇਆ ਗਿਆ ਹੈ ਕਿ ਤ੍ਰਿਪੁਰਾ ਸਰਕਾਰ ਸਥਾਨਕ ਚੋਣਾਂ ’ਚ ਵਿਰੋਧੀ ਪਾਰਟੀਆਂ ਖ਼ਿਲਾਫ਼ ਹਿੰਸਕ ਘਟਨਾਵਾਂ ਰੋਕਣ ’ਚ ਨਾਕਾਮ ਰਹੀ ਹੈ। ਜਸਟਿਸ ਡੀ ਵਾਈ ਚੰਦਰਚੂੜ ਅਤੇ ਏ ਐੱਸ ਬੋਪੰਨਾ ਦੇ ਬੈਂਚ ਨੇ ਕਿਹਾ ਕਿ ਉਹ ਮੰਗਲਵਾਰ ਨੂੰ ਅਰਜ਼ੀ ’ਤੇ ਸੁਣਵਾਈ ਕਰਨਗੇ। ਟੀਐੱਮਸੀ ਵੱਲੋਂ ਪੇਸ਼ ਹੋਏ ਵਕੀਲ ਅਮਰ ਦਵੇ ਨੇ ਕਿਹਾ ਕਿ ਅਦਾਲਤ ਦੇ 11 ਨਵੰਬਰ ਨੂੰ ਜਾਰੀ ਹੁਕਮਾਂ ਦੇ ਬਾਵਜੂਦ ਸੂਬੇ ’ਚ ਹਾਲਾਤ ਵਿਗੜਦੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬੇ ’ਚ ਹਾਲਾਤ ਬਹੁਤ ਮਾੜੇ ਹਨ ਅਤੇ ਇਹ ਦਿਨੋਂ-ਦਿਨ ਵਿਗੜਦੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਟੀਐੱਮਸੀ ਦੇ ਆਗੂਆਂ ਖ਼ਿਲਾਫ਼ ਝੂਠੇ ਕੇਸ ਦਰਜ ਕੀਤੇ ਜਾ ਰਹੇ ਹਨ। -ਪੀਟੀਆਈ