ਕੋਲਕਾਤਾ, 8 ਸਤੰਬਰ
ਤ੍ਰਿਣਮੂਲ ਕਾਂਗਰਸ (ਟੀਐੱਮਸੀ) ਦੇ ਸੰਸਦ ਮੈਂਬਰ ਜਵਾਹਰ ਸਰਕਾਰ ਨੇ ਅੱਜ ਪਾਰਟੀ ਪ੍ਰਧਾਨ ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਪੱਤਰ ਲਿਖ ਕੇ ਕਿਹਾ ਕਿ ਉਨ੍ਹਾਂ ਨੇ ਰਾਜ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਅਤੇ ਰਾਜਨੀਤੀ ਛੱਡਣ ਦਾ ਫੈਸਲਾ ਕੀਤਾ ਹੈ।
ਉਨ੍ਹਾਂ ਆਰ ਜੀ ਕਰ ਹਸਪਤਾਲ ਦੀ ਟਰੇਨੀ ਮਹਿਲਾ ਡਾਕਟਰ ਦੀ ਜਬਰ-ਜਨਾਹ ਮਗਰੋਂ ਹੱਤਿਆ ਦੇ ਮਾਮਲੇ ਵਿੱਚ ਸੂਬਾ ਸਰਕਾਰ ਵੱਲੋਂ ਕੀਤੀ ਗਈ ਕਾਰਵਾਈ ਨੂੰ ‘ਨਾਕਾਫ਼ੀ ਤੇ ਬਹੁਤ ਦੇਰੀ’ ਨਾਲ ਚੁੱਕਿਆ ਗਿਆ ਕਦਮ ਕਰਾਰ ਦਿੱਤਾ। ਪੱਤਰ ਵਿੱਚ ਜਵਾਹਰ ਸਰਕਾਰ ਨੇ ਕਿਹਾ ਕਿ ਸੂਬਾ ਸਰਕਾਰ ਤੋਂ ਉਨ੍ਹਾਂ ਦਾ ‘ਮੋਹ ਭੰਗ’ ਹੋ ਗਿਆ ਹੈ ਕਿਉਂਕਿ ਅਜਿਹਾ ਜਾਪਦਾ ਹੈ ਕਿ ਸਰਕਾਰ ਭ੍ਰਿਸ਼ਟਾਚਾਰ ਅਤੇ ਆਗੂਆਂ ਦੇ ਇੱਕ ਵਰਗ ਦੀ ਤਾਕਤ ਦੀ ਦੁਰਵਰਤੋਂ ਦੀ ਰਣਨੀਤੀ ਪ੍ਰਤੀ ਬਿਲਕੁਲ ਵੀ ਫ਼ਿਕਰਮੰਦ ਨਹੀਂ ਹੈ।
ਸੇਵਾਮੁਕਤ ਆਈਏਐੱਸ ਅਧਿਕਾਰੀ ਜਵਾਹਰ ਸਰਕਾਰ ਨੇ ਦਾਅਵਾ ਕੀਤਾ ਕਿ ਕੁਝ ਪਾਰਟੀ ਆਗੂਆਂ ਦਾ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਹੋਣਾ ਅਤੇ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਾ ਹੋਣਾ ਉਨ੍ਹਾਂ ਦੇ ਫ਼ੈਸਲੇ ਦਾ ਇੱਕ ਮੁੱਖ ਕਾਰਨ ਹੈ। ਸਰਕਾਰ ਨੇ ਪੱਤਰ ਵਿੱਚ ਕਿਹਾ, “ਆਰ ਜੀ ਕਰ ਹਸਪਤਾਲ ’ਚ ਵਾਪਰੀ ਦਰਦਨਾਕ ਘਟਨਾ (ਇੱਕ ਟਰੇਨੀ ਡਾਕਟਰ ਨਾਲ ਜਬਰ-ਜਨਾਹ ਮਗਰੋਂ ਕਤਲ) ਤੋਂ ਬਾਅਦ, ਮੈਂ ਇੱਕ ਮਹੀਨੇ ਤੱਕ ਸਬਰ ਕੀਤਾ ਅਤੇ ਉਮੀਦ ਕਰ ਰਿਹਾ ਸੀ ਕਿ ਤੁਸੀਂ (ਮਮਤਾ ਬੈਨਰਜੀ) ਆਪਣੇ ਪੁਰਾਣੇ ਅੰਦਾਜ਼ ਵਿੱਚ ਅੰਦੋਲਨ ਦਾ ਸਮਰਥਨ ਕਰੋਗੇ। ਜੂਨੀਅਰ ਡਾਕਟਰਾਂ ਨਾਲ ਸਿੱਧੀ ਗੱਲ ਕਰੋਗੇ। ਪਰ ਅਜਿਹਾ ਨਹੀਂ ਹੋਇਆ ਅਤੇ ਸਰਕਾਰ ਹੁਣ ਜੋ ਵੀ ਸਖ਼ਤੀ ਵਾਲਾ ਕਦਮ ਚੁੱਕ ਰਹੀ ਹੈ, ਉਹ ਨਾਕਾਫ਼ੀ ਹਨ ਤੇ ਇਹ ਬਹੁਤ ਦੇਰੀ ਨਾਲ ਚੁੱਕੇ ਜਾ ਰਹੇ ਹਨ।’’ -ਪੀਟੀਆਈ
ਟੀਐੱਮਸੀ ਅੰਦਰ ਭ੍ਰਿਸ਼ਟਾਚਾਰ ਤੇ ਤਾਨਾਸ਼ਾਹੀ ਦਾ ਖੁਲਾਸਾ: ਭਾਜਪਾ
ਨਵੀਂ ਦਿੱਲੀ: ਭਾਜਪਾ ਨੇ ਕਿਹਾ ਕਿ ਟੀਐੱਮਸੀ ਸੰਸਦ ਮੈਂਬਰ ਜਵਾਹਰ ਸਰਕਾਰ ਦਾ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਤੇ ਪਾਰਟੀ ਸੁਪਰੀਮੋ ਮਮਤਾ ਬੈਨਰਜੀ ਨੂੰ ਲਿਖਿਆ ਪੱਤਰ ਟੀਐਮਸੀ ਵਿੱਚ ‘ਗੰਦਗੀ, ਭ੍ਰਿਸ਼ਟਾਚਰ ਅਤੇ ਤਾਨਾਸ਼ਾਹੀ ਵਾਲੇ’ ਰਵੱਈਏ ਨੂੰ ਉਜਾਗਰ ਕਰਦਾ ਹੈ। ਭਾਜਪਾ ਦੇ ਕੌਮੀ ਬੁਲਾਰੇ ਸ਼ਹਿਜ਼ਾਦ ਪੂਨਾਵਾਲਾ ਨੇ ਇੱਕ ਬਿਆਨ ਵਿੱਚ ਕਿਹਾ, ‘‘ਟੀਐੱਮਸੀ ਸੰਸਦ ਮੈਂਬਰ ਜਵਾਹਰ ਸਰਕਾਰ ਦਾ ਪੱਤਰ ਟੀਐੱਮਸੀ ਅੰਦਰ ਗੰਦਗੀ, ਭ੍ਰਿਸ਼ਟਾਚਾਰ ਅਤੇ ਤਾਨਾਸ਼ਾਹੀ ਵਾਲੇ ਰਵੱਈਏ ਨੂੰ ਉਜਾਗਰ ਕਰਦਾ ਹੈ। ਟੀਐੱਮਸੀ ਦਾ ਮਤਲਬ ਹੈ ‘ਬਹੁਤ ਜ਼ਿਆਦਾ ਭ੍ਰਿਸ਼ਟਾਚਾਰ’ (ਟੂ ਮੱਚ ਕੁਰੱਪਸ਼ਨ)।’’ -ਪੀਟੀਆਈ