ਨਵੀਂ ਦਿੱਲੀ, 5 ਜੁਲਾਈ
ਤ੍ਰਿਣਮੂਲ ਕਾਂਗਰਸ (ਟੀਐੱਮਸੀ) ਦੇ ਸੰਸਦ ਮੈਂਬਰਾਂ ਦੇ ਵਫ਼ਦ ਨੇ ਅੱਜ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨਾਲ ਮੁਲਾਕਾਤ ਕਰਕੇ ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਉਹ ਪੱਛਮੀ ਬੰਗਾਲ ਦੇ ਭਾਜਪਾ ਆਗੂ ਸ਼ੁਵੇਂਦੂ ਅਧਿਕਾਰੀ ਨਾਲ ਮਿਲੇ ਸਨ ਜਿਸ ਨਾਲ ਨੈਤਿਕਤਾ ਦੇ ਗੰਭੀਰ ਸ਼ੰਕੇ ਖੜ੍ਹੇ ਹੋ ਗਏ ਹਨ।
ਟੀਐੱਮਸੀ ਦੇ ਸੰਸਦ ਮੈਂਬਰਾਂ ਸੁਖੇਂਦੂ ਸ਼ੇਖਰ ਰੇਅ ਅਤੇ ਮਹੂਆ ਮੋਇਤਰਾ ਨੇ ਰਾਸ਼ਟਰਪਤੀ ਨੂੰ ਇਕ ਚਿੱਠੀ ਵੀ ਸੌਂਪੀ ਜਿਸ ’ਚ ਕਿਹਾ ਗਿਆ ਕਿ ਸ਼ੁਵੇਂਦੂ ਅਧਿਕਾਰੀ ਖ਼ਿਲਾਫ਼ ਕਈ ਕੇਸ ਚੱਲ ਰਹੇ ਹਨ ਜਿਸ ਦੀ ਸੀਬੀਆਈ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਅਜਿਹੇ ’ਚ ਮਹਿਤਾ ਨਾਲ ਸਰਕਾਰੀ ਰਿਹਾਇਸ਼ ’ਤੇ ਮੁਲਾਕਾਤ ਸ਼ੰਕੇ ਖੜ੍ਹੇ ਕਰਦੀ ਹੈ ਕਿਉਂਕਿ ਸੌਲੀਸਿਟਰ ਜਨਰਲ ਸੀਬੀਆਈ ਦੇ ਵਿਸ਼ੇਸ਼ ਸਰਕਾਰੀ ਵਕੀਲ ਵੀ ਹਨ। ਉਨ੍ਹਾਂ ਮੰਗ ਕੀਤੀ ਹੈ ਕਿ ਮਹਿਤਾ ਖ਼ਿਲਾਫ਼ ਜਾਂਚ ਕੀਤੀ ਜਾਵੇ ਅਤੇ ਜਾਂਚ ਮੁਕੰਮਲ ਹੋਣ ਤੱਕ ਉਸ ਨੂੰ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਉਂਜ ਸੌਲੀਸਿਟਰ ਜਨਰਲ ਨੇ ਅਧਿਕਾਰੀ ਨਾਲ ਸਰਕਾਰੀ ਰਿਹਾਇਸ਼ ’ਤੇ ਮੁਲਾਕਾਤ ਤੋਂ ਇਨਕਾਰ ਕੀਤਾ ਹੈ।
ਚਿੱਠੀ ’ਚ ਕਿਹਾ ਗਿਆ ਹੈ ਕਿ ਇਹ ਕੌਮੀ ਮਹੱਤਵ ਦਾ ਮਾਮਲਾ ਹੈ ਅਤੇ ਇਹ ਦੇਸ਼ ਦੇ ਸਭ ਤੋਂ ਵੱਡੇ ਕਾਨੂੰਨੀ ਦਫ਼ਤਰਾਂ ’ਚੋਂ ਇਕ ਸੌਲੀਸਿਟਰ ਜਨਰਲ ਆਫ਼ ਇੰਡੀਆ ਨੂੰ ਸ਼ੱਕ ਦੇ ਘੇਰੇ ’ਚ ਲਿਆਉਂਦਾ ਹੈ। ਇਸ ਤੋਂ ਪਹਿਲਾਂ ਪਾਰਟੀ ਦੇ ਸੰਸਦ ਮੈਂਬਰ ਡੈਰੇਕ ਓ’ਬ੍ਰਾਇਨ, ਸੁਖੇਂਦੂ ਰੇਅ ਅਤੇ ਮਹੂਆ ਮੋਇਤਰਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਮਹਿਤਾ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਸੀ। ਰਾਸ਼ਟਰਪਤੀ ਨੂੰ ਲਿਖੀ ਚਿੱਠੀ ’ਚ ਕਿਹਾ ਗਿਆ ਹੈ ਕਿ ਇਸ ਮੀਟਿੰਗ ਦੇ ਨਾਲ ਨਾਲ ਅਧਿਕਾਰੀ ਵੱਲੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਵੀ ਜਾਇਜ਼ ਨਹੀਂ ਆਖੀ ਜਾ ਸਕਦੀ ਹੈ। ‘ਅਜਿਹੀਆਂ ਮੀਟਿੰਗਾਂ ਨਿਆਂ ਪ੍ਰਣਾਲੀ ਦਾ ਮਖੌਲ ਉਡਾਉਂਦੀਆਂ ਹਨ ਅਤੇ ਇਹ ਆਮ ਆਦਮੀ ਦਾ ਨਿਆਂਪਾਲਿਕਾ ’ਚ ਭਰੋਸੇ ਨੂੰ ਢਾਹ ਲਾਉਣ ਦਾ ਕੰਮ ਕਰਨਗੀਆਂ।’ ਪਾਰਟੀ ਨੇ ਇਹ ਵੀ ਕਿਹਾ ਕਿ ਮਹਿਤਾ ਨੇ ਮੀਡੀਆ ’ਚ ਇਹ ਸਫ਼ਾਈ ਦੇਣ ਦੀ ਕੋਸ਼ਿਸ਼ ਕੀਤੀ ਕਿ ਅਧਿਕਾਰੀ ਉਸ ਨੂੰ ਬਿਨਾਂ ਦੱਸੇ ਮਿਲਣ ਲਈ ਆਇਆ ਸੀ ਅਤੇ ਹੁਣ ਉਨ੍ਹਾਂ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ ਕਿਉਂਕਿ ਉਹ ਆਖ ਰਹੇ ਸਨ ਕਿ ਉਨ੍ਹਾਂ ਅਧਿਕਾਰੀ ਨਾਲ ਮੁਲਾਕਾਤ ਨਹੀਂ ਕੀਤੀ ਸੀ। ਉਧਰ ਟੀਐੱਮਸੀ ਦੇ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਨੇ ਟਵਿੱਟਰ ’ਤੇ ਦੋਸ਼ ਲਾਇਆ ਕਿ ਤੁਸ਼ਾਰ ਮਹਿਤਾ ਭਾਜਪਾ ਦੇ ‘ਸੀਕਰੇਟ ਜਨਰਲ’ ਵਜੋਂ ਕੰਮ ਕਰ ਰਹੇ ਹਨ ਨਾ ਕਿ ਦੇਸ਼ ਦੇ ਸੌਲੀਸਿਟਰ ਜਨਰਲ ਵਜੋਂ ਵਿਚਰ ਰਹੇ ਹਨ। ਉਨ੍ਹਾਂ ਕਿਹਾ ਕਿ ਤੁਸ਼ਾਰ ਮਹਿਤਾ 72 ਘੰਟਿਆਂ ਬਾਅਦ ਵੀ ਆਪਣੇ ਘਰ ਦੀ 20 ਮਿੰਟ ਦੀ ਸੀਸੀਟੀਵੀ ਫੁਟੇਜ ਜਾਰੀ ਨਹੀਂ ਕਰ ਸਕੇ ਹਨ। -ਪੀਟੀਆਈ