ਇਗਰਾ: ਟੀਐਮਸੀ ਦੇ ਸੰਸਦ ਮੈਂਬਰ ਤੇ ਭਾਜਪਾ ਆਗੂ ਸ਼ੁਵੇਂਦੂ ਅਧਿਕਾਰੀ ਦੇ ਪਿਤਾ ਸ਼ਿਸ਼ਿਰ ਅਧਿਕਾਰੀ ਅੱਜ ਭਾਜਪਾ ਵਿਚ ਸ਼ਾਮਲ ਹੋ ਗਏ। ਇਸ ਮੌਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਹੋਰ ਪਾਰਟੀ ਆਗੂ ਹਾਜ਼ਰ ਸਨ। ਅਧਿਕਾਰੀ ਪਰਿਵਾਰ ਦਾ ਬੰਗਾਲ ਦੇ ਪੂਰਬ ਮੇਦਨੀਪੁਰ ਜ਼ਿਲ੍ਹੇ ਵਿਚ ਕਾਫ਼ੀ ਰਸੂਖ਼ ਹੈ। ਸ਼ਿਸ਼ਿਰ ਨੇ ਕਿਹਾ ਕਿ ਉਨ੍ਹਾਂ ਅਤੇ ਉਨ੍ਹਾਂ ਦੇ ਪੁੱਤਰਾਂ ਨੇ ਤ੍ਰਿਣਮੂਲ ਕਾਂਗਰਸ ਲਈ ਬਹੁਤ ਮਿਹਨਤ ਕੀਤੀ, ਪਰ ਪਾਰਟੀ ਨੇ ਬਦਲੇ ਵਿਚ ਜੋ ਵਿਹਾਰ ਕੀਤਾ, ਉਸ ਨੇ ਪਾਰਟੀ ਛੱਡਣ ਲਈ ਮਜਬੂਰ ਕਰ ਦਿੱਤਾ। ਲੋਕ ਸਭਾ ਮੈਂਬਰ ਨੇ ਕਿਹਾ ਕਿ ਉਹ ਬੰਗਾਲ ਵਿਚ ਸਾਰੇ ਸਿਆਸੀ ਹੱਲਿਆਂ ਦਾ ਸਾਹਮਣਾ ਕਰਨਗੇ ਤੇ ਮੋਦੀ ਅਤੇ ਸ਼ਾਹ ਅਧੀਨ ਕੰਮ ਕਰਨਗੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਮੌਕੇ ਕਿਹਾ ਕਿ ਭਾਜਪਾ ਵੋਟ ਬੈਂਕ ਦੀ ਸਿਆਸਤ ਵਿਚ ਯਕੀਨ ਨਹੀਂ ਰੱਖਦੀ। ਪੱਛਮੀ ਮੇਦਨੀਪੁਰ ਜ਼ਿਲ੍ਹੇ ਵਿਚ ਇਕ ਰੈਲੀ ਦੌਰਾਨ ਸ਼ਾਹ ਨੇ ਦੁਹਰਾਇਆ ਕਿ ਭਾਜਪਾ ਅਗਲੇ ਪੰਜ ਸਾਲਾਂ ਵਿਚ ‘ਸੋਨਾਰ ਬਾਂਗਲਾ’ (ਸੋਨੇ ਦਾ ਬੰਗਾਲ) ਦਾ ਨਿਰਮਾਣ ਕਰੇਗੀ। ਅਮਿਤ ਸ਼ਾਹ ਨੇ ਕਿਹਾ ਕਿ ਬੰਗਾਲ ਵਿਚ ਸਕੂਲ ਅਧਿਆਪਕਾਂ ਨੂੰ ‘ਸਰਸਵਤੀ ਪੂਜਾ’ ਕਰਨ ਲਈ ਕੁੱਟਿਆ ਗਿਆ। -ਪੀਟੀਆਈ