ਨਵੀਂ ਦਿੱਲੀ, 27 ਅਕਤੂਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਡਿਜੀਟਲ ਅਰੈਸਟ’ ਦੇ ਵਧਦੇ ਮਾਮਲਿਆਂ ’ਤੇ ਚਿੰਤਾ ਜ਼ਾਹਿਰ ਕਰਦਿਆਂ ਇਸ ਤੋਂ ਬਚਣ ਲਈ ਅੱਜ ਦੇਸ਼ ਵਾਸੀਆਂ ਨਾਲ ‘ਰੁਕੋ, ਸੋਚੋ ਤੇ ਐਕਸ਼ਨ ਲਵੋ’ ਦਾ ਮੰਤਰ ਸਾਂਝਾ ਕੀਤਾ ਅਤੇ ਇਸ ਬਾਰੇ ਜਾਗਰੂਕਤਾ ਫੈਲਾਉਣ ਦਾ ਸੱਦਾ ਦਿੱਤਾ।
ਮਹੀਨਾਵਾਰ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੌਰਾਨ ਉਨ੍ਹਾਂ ਕਿਹਾ ਕਿ ਸੂਬੇ ਦੀਆਂ ਜਾਂਚ ਏਜੰਸੀਆਂ ਇਸ ਮਸਲੇ ਨਾਲ ਨਜਿੱਠ ਰਹੀਆਂ ਹਨ ਪਰ ਇਸ ਅਪਰਾਧ ਤੋਂ ਬਚਣ ਲਈ ਜਾਗਰੂਕਤਾ ਸਭ ਤੋਂ ਜ਼ਰੂਰੀ ਹੈ। ਪ੍ਰਧਾਨ ਮੰਤਰੀ ਨੇ ਇਹ ਵੀ ਦੱਸਿਆ ਕਿ ਇਸ ਵਾਰ ਸਰਦਾਰ ਵੱਲਭ ਭਾਈ ਪਟੇਲ ਤੇ ਭਗਵਾਨ ਬਿਰਸਾ ਮੁੰਡਾ ਦੀ 150ਵੀਂ ਜੈਅੰਤੀ ਮਨਾਈ ਜਾਵੇਗੀ। ਪਟੇਲ ਦੀ ਜੈਅੰਤੀ ਸਬੰਧੀ ਸਮਾਗਮ 31 ਅਕਤੂਬਰ ਤੋਂ ਜਦਕਿ ਮੁੰਡਾ ਦੀ ਜੈਅੰਤੀ ਦਾ ਸਮਾਗਮ 15 ਨਵੰਬਰ ਤੋਂ ਸ਼ੁਰੂ ਹੋਵੇਗਾ। ਉਨ੍ਹਾਂ ਕਿਹਾ, ‘ਜੇ ਤੁਸੀਂ ਮੈਨੂੰ ਜ਼ਿੰਦਗੀ ਦੇ ਸਭ ਤੋਂ ਯਾਦਗਾਰੀ ਪਲ ਬਾਰੇ ਪੁੱਛੋ ਤਾਂ ਇੱਕ ਪਲ ਬਹੁਤ ਹੀ ਖਾਸ ਹੈ। ਇਹ ਸਮਾਂ ਪਿਛਲੇ ਸਾਲ 15 ਨਵੰਬਰ ਦਾ ਹੈ। ਇਸ ਦੌਰਾਨ ਮੈਂ ਭਗਵਾਨ ਬਿਰਸਾ ਮੁੰਡਾ ਦੀ ਜੈਅੰਤੀ ਮੌਕੇ ਉਨ੍ਹਾਂ ਦੇ ਝਾਰਖੰਡ ਵਿਚਲੇ ਪਿੰਡ ਉਲੀਹਾਤੂ ਗਿਆ ਸੀ। ਇਸ ਯਾਤਰਾ ਦਾ ਮੇਰੇ ’ਤੇ ਬਹੁਤ ਪ੍ਰਭਾਵ ਪਿਆ।’ ਉਨ੍ਹਾਂ ਕਿਹਾ ਕਿ ਉਹ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਹਨ ਜੋ ਇਸ ਪਵਿੱਤਰ ਥਾਂ ’ਤੇ ਨਤਮਸਤਕ ਹੋਏ।
ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਨੇ ਡਿਜੀਟਲ ਅਰੈਸਟ ਦੇ ਸਾਈਬਰ ਕ੍ਰਾਈਮ ਬਾਰੇ ਦੱਸਣ ਲਈ ਇੱਕ ਪੀੜਤ ਤੇ ਠੱਗ ਵਿਚਾਲੇ ਹੋਈ ਗੱਲਬਾਤ ਦੀ ਰਿਕਾਰਡਿੰਗ ਵੀ ਸੁਣਾਈ।
ਉਨ੍ਹਾਂ ਕਿਹਾ ਕਿ ਡਿਜੀਟਲ ਅਰੈਸਟ ਦੇ ਠੱਗ ਇਸ ਦੌਰਾਨ ਪੁਲੀਸ, ਸੀਬੀਆਈ ਤੇ ਹੋਰ ਵੱਖ ਵੱਖ ਵਿਭਾਗਾਂ ਦਾ ਨਾਂ ਵਰਤ ਕੇ ਫੋਨ ਕਰਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਫੋਨ ਆਉਣ ’ਤੇ ਡਰਨ ਦੀ ਲੋੜ ਨਹੀਂ ਕਿਉਂਕਿ ਜਾਂਚ ਏਜੰਸੀਆਂ ਫੋਨ ਜਾਂ ਵੀਡੀਓ ਕਾਲ ਰਾਹੀਂ ਅਜਿਹੀ ਗੱਲਬਾਤ ਨਹੀਂ ਕਰਦੀਆਂ।
‘ਛੋਟਾ ਭੀਮ’, ‘ਹਨੂੰਮਾਨ’ ਅਤੇ ‘ਮੋਟੂ ਪਤਲੂ’ ਜਿਹੀਆਂ ਭਾਰਤੀ ਐਨੀਮੇਟਿਡ ਲੜੀਆਂ ਦੀ ਹਰਮਨਪਿਆਰਤਾ ਦਾ ਹਵਾਲਾ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਰਤ ਐਨੀਮੇਸ਼ਨ ਦੀ ਦੁਨੀਆ ’ਚ ਇਕ ਨਵੀਂ ਕ੍ਰਾਂਤੀ ਦੀ ਸ਼ੁਰੂਆਤ ਕਰਨ ਦੀ ਰਾਹ ’ਤੇ ਹੈ ਅਤੇ ਉਨ੍ਹਾਂ ਸੱਦਾ ਦਿੱਤਾ ਕਿ ਲੋਕ ਦੇਸ਼ ਨੂੰ ਆਲਮੀ ਐਨੀਮੇਸ਼ਨ ਪਾਵਰ ਹਾਊਸ ਬਣਾਉਣ ਦਾ ਅਹਿਦ ਲੈਣ। ਉਨ੍ਹਾਂ ਕਿਹਾ ਕਿ ਭਾਰਤ ਐਨੀਮੇਸ਼ਨ ਕਿਰਦਾਰਾਂ ਤੇ ਫਿਲਮਾਂ ਨੂੰ ਸਮੱਗਰੀ ਤੇ ਰਚਨਾਤਮਕਤਾ ਕਾਰਨ ਦੁਨੀਆ ਭਰ ’ਚ ਪਸੰਦ ਕੀਤਾ ਜਾ ਰਿਹਾ ਹੈ। -ਪੀਟੀਆਈ
ਬਰਿਕਸ ਦੌਰਾਨ ਮੋਦੀ ਨੇ ਪੂਤਿਨ ਨੂੰ ਭੇਟ ਕੀਤੀ ਝਾਰਖੰਡ ਦੀ ਕਲਾਕ੍ਰਿਤੀ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ਹੀ ਵਿੱਚ ਹੋਏ ਬਰਿਕਸ ਸਿਖਰ ਸੰਮੇਲਨ ਦੌਰਾਨ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੂੰ ਝਾਰਖੰਡ ਦੀ ਇੱਕ ਕਲਾਕ੍ਰਿਤੀ ਭੇਟ ਕੀਤੀ ਜਦਕਿ ਇਰਾਨ ਤੇ ਉਜ਼ਬੇਕਿਸਤਾਨ ਦੇ ਆਗੂਆਂ ਨੂੰ ਮਹਾਰਾਸ਼ਟਰ ਦੇ ਦਸਤਕਾਰੀ ਉਤਪਾਦ ਤੋਹਫੇ ਵਜੋਂ ਦਿੱਤੇ। ਅਧਿਕਾਰੀਆਂ ਅਨੁਸਾਰ ਮੋਦੀ ਨੇ ਇਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨੂੰ ‘ਮਦਰ ਆਫ ਪਰਲ’ ਸੀ-ਸ਼ੈੱਲ ਗੁਲਦਾਨ ਭੇਟ ਕੀਤਾ। ਉਨ੍ਹਾਂ ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਸ਼ੌਕਤ ਮਿਰਜ਼ੀਓਯੇਵ ਨੂੰ ਇੱਕ ਰਵਾਇਤੀ ਚਿੱਤਰ ਭੇਟ ਕੀਤਾ ਜੋ ਮਹਾਰਾਸ਼ਟਰ ਦੇ ਵਾਰਲੀ ਕਬੀਲੇ ਦੀ ਇੱਕ ਉੱਤਮ ਕਲਾ ਹੈ। ਪੂਤਿਨ ਨੂੰ ਝਾਰਖੰਡ ਦੇ ਹਜ਼ਾਰੀਬਾਗ ਜ਼ਿਲ੍ਹੇ ਦੀ ਇੱਕ ਸੋਹਰਾਈ ਪੇਂਟਿੰਗ ਭੇਟ ਕੀਤੀ ਗਈ। -ਪੀਟੀਆਈ