ਨਵੀਂ ਦਿੱਲੀ, 29 ਅਗਸਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਟੋਕੀਓ ਓਲੰਪਿਕਸ ‘ਚ ਭਾਰਤ ਦੇ ਪ੍ਰਦਰਸ਼ਨ ਨੇ ਭਾਰਤ ਵਿੱਚ ਖੇਡਾਂ ’ਤੇ ਬਹੁਤ ਪ੍ਰਭਾਵ ਪਾਇਆ ਹੈ। ਉਨ੍ਹਾਂ ਨੇ ਦੇਸ਼ ਵਾਸੀਆਂ ਨੂੰ ਸੱਦਾ ਦਿੱਤਾ ਕਿ ਉਹ ਖੇਡਾਂ ਪ੍ਰਤੀ ਪੈਦਾ ਹੋਏ ਇਸ ਰੌਂਅ ਨੂੰ ਆਪਣੀਆਂ ਕੋਸ਼ਿਸ਼ਾਂ ਨਾਲ ਬਰਕਰਾਰ ਰੱਖਣ। ਆਕਸ਼ਵਾਣੀ ਦੇ ਮਾਸਿਕ ਰੇਡੀਓ ਪ੍ਰੋਗਰਾਮ “ਮਨ ਕੀ ਬਾਤ” ਦੇ 80ਵੇਂ ਐਪੀਸੋਡ ਵਿੱਚ ਦੇਸ਼ ਅਤੇ ਦੁਨੀਆ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਖੇਡਾਂ ਨੂੰ ਪਰਿਵਾਰਕ ਅਤੇ ਸਮਾਜਿਕ ਜੀਵਨ ਦਾ ਸਥਾਈ ਹਿੱਸਾ ਬਣਾਉਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਭਾਰਤੀ ਹਾਕੀ ਦੀਆਂ ਪੁਰਸ਼ ਤੇ ਮਹਿਲਾ ਹਾਕੀ ਟੀਮਾਂ ਦੀ ਪ੍ਰਾਪਤੀ ਬਾਰੇ ਕਿਹਾ ਕਿ ਅੱਜ ਹਾਕੀ ਦੇ ਮਹਾਨ ਜਾਦੂਗਰ ਧਿਆਨ ਚੰਦ ਦਾ ਜਨਮ ਦਿਨ ਹੈ ਤੇ ਦੇਸ਼ ਦੀਆਂ ਹਾਕੀ ਟੀਮਾਂ ਦੀਆਂ ਪ੍ਰਾਪਤੀਆਂ ਤੋਂ ਉਨ੍ਹਾਂ ਦੀ ਆਤਮਾ ਪ੍ਰਸੰਨ ਹੋਵੇਗੀ।