ਨਵੀਂ ਦਿੱਲੀ, 27 ਜੂਨ
ਸਬਜ਼ੀ ਤੇ ਥੋਕ ਵਿਕਰੇਤਾਵਾਂ ਨੇ ਟਮਾਟਰਾਂ ਦੀ ਸਪਲਾਈ ’ਚ ਵਿਘਨ ਲਈ ਬਰਸਾਤ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਜਿਸ ਕਾਰਨ ਦਿੱਲੀ ਦੇ ਪ੍ਰਚੂਨ ਬਾਜ਼ਾਰਾਂ ਵਿੱਚ ਟਮਾਟਰਾਂ ਦੀਆਂ ਕੀਮਤਾਂ ਅਸਮਾਨੀਂ ਚੜ੍ਹ ਗਈਆਂ ਹਨ। ਸਥਾਨਕ ਵਿਕਰੇਤਾ ਮਿਆਰ ਦੇ ਆਧਾਰ ’ਤੇ ਟਮਾਟਰ 80 ਤੋਂ 120 ਪ੍ਰਤੀ ਕਿਲੋ ਵੇਚ ਰਹੇ ਹਨ। ਆਜ਼ਾਦਪੁਰ ਐਗਰੀਕਲਚਰਲ ਪ੍ਰਡਿਊਸ ਕਮੇਟੀ ਦੇ ਮੈਂਬਰ ਅਨਿਲ ਮਲਹੋਤਰਾ ਨੇ ਦੱਸਿਆ ਕਿ ਹਰ ਸਾਲ ਮੌਨਸੂਨ ਦੌਰਾਨ ਟਮਾਟਰ ਦੀਆਂ ਕੀਮਤਾਂ ਸ਼ੂਟ ਵੱਟਦੀਆਂ ਹਨ ਪਰ ਜਿੰਨੀਆਂ ਇਸ ਸਾਲ ਕੀਮਤਾਂ ਵਧੀਆਂ ਹਨ, ਇੰਨੀਆਂ ਕਦੇ ਨਹੀਂ ਵਧੀਆਂ। ਮਲਹੋਤਰਾ ਨੇ ਦੱਸਿਆ,‘ਮੌਨਸੂਨ ਦੌਰਾਨ ਹਰ ਸਾਲ ਭਾਅ ਉੱਚੇ ਹੋ ਜਾਂਦੇ ਹਨ ਪਰ ਟਮਾਟਰਾਂ ਦੀ ਕੀਮਤ ਇੰਨੀ ਕਦੇੇ ਨਹੀਂ ਵਧੀ। ਮੀਂਹ ਕਾਰਨ ਸਪਲਾਈ ਵੀ ਘਟ ਗਈ ਹੈ। ਹਿਮਾਚਲ ਤੋਂ ਮੰਗਵਾਏ ਸਟਾਕ ’ਚੋਂ ਅੱਧਾ ਨੁਕਸਾਨਿਆ ਗਿਆ ਹੈ। -ਪੀਟੀਆਈ
ਛੇਤੀ ਘਟ ਜਾਣਗੀਆਂ ਟਮਾਟਰਾਂ ਦੀਆਂ ਕੀਮਤਾਂ: ਸਰਕਾਰੀ ਅਧਿਕਾਰੀ
ਨਵੀਂ ਦਿੱਲੀ: ਸਰਕਾਰ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਟਮਾਟਰਾਂ ਦੀਆਂ ਕੀਮਤਾਂ ਵਿੱਚ ਵਾਧਾ ਅਸਥਾਈ ਮੌਸਮੀ ਵਰਤਾਰਾ ਹੈ ਅਤੇ ਕੀਮਤਾਂ ਛੇਤੀ ਹੀ ਘੱਟ ਜਾਣਗੀਆਂ। ਖਪਤਕਾਰ ਮਾਮਲਿਆਂ ਬਾਰੇ ਸਕੱਤਰ ਰੋਹਿਤ ਕੁਮਾਰ ਸਿੰਘ ਨੇ ਦੱਸਿਆ,‘ਕੁਝ ਇਲਾਕਿਆਂ ਵਿੱਚ ਅਚਾਨਕ ਮੀਂਹ ਪੈਣ ਕਾਰਨ ਟਰਾਂਸਪੋਰਟੇਸ਼ਨ ਦਾ ਕੰਮ ਪ੍ਰਭਾਵਿਤ ਹੋਇਆ ਹੈ। ਕੀਮਤਾਂ ਛੇਤੀ ਹੀ ਹੇਠਾਂ ਆ ਜਾਣਗੀਆਂ। ਇਸ ਮੌਸਮ ਵਿੱਚ ਅਜਿਹਾ ਵਰਤਾਰਾ ਹਰ ਸਾਲ ਹੁੰਦਾ ਹੈ।’ -ਪੀਟੀਆਈ
ਪ੍ਰਧਾਨ ਮੰਤਰੀ ਮੋਦੀ ਦੀਆਂ ਗ਼ਲਤ ਨੀਤੀਆਂ ਕਾਰਨ ਟਮਾਟਰ ਦੇ ਭਾਅ ਵਧੇ: ਕਾਂਗਰਸ
ਨਵੀਂ ਦਿੱਲੀ: ਕਾਂਗਰਸ ਨੇ ਅੱਜ ਟਮਾਟਰਾਂ ਦੀਆਂ ਕੀਮਤਾਂ ਵਧਣ ਸਬੰਧੀ ਸਰਕਾਰ ’ਤੇ ਨਿਸ਼ਾਨਾ ਸੇਧਿਆ। ਵਿਰੋਧੀ ਪਾਰਟੀ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਗ਼ਲਤ ਨੀਤੀਆਂ ਕਾਰਨ ਕੀਮਤਾਂ ਵਧੀਆਂ ਹਨ। ਟਵਿੱਟਰ ’ਤੇ ਟਮਾਟਰਾਂ ਦੀਆਂ ਕੀਮਤਾਂ ਵਿੱਚ ਵਾਧੇ ਸਬੰਧੀ ਮੀਡੀਆ ਰਿਪੋਰਟ ਟੈਗ ਕਰਦਿਆਂ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ,‘ਪ੍ਰਧਾਨ ਮੰਤਰੀ ਮੋਦੀ ਨੇ ਟਮਾਟਰ, ਪਿਆਜ਼ ਤੇ ਆਲੂ ਨੂੰ ਮੁੱਖ ਤਰਜੀਹ ਦੱਸਿਆ ਸੀ ਪਰ ਗਲਤ ਨੀਤੀਆਂ ਕਾਰਨ ਟਮਾਟਰਾਂ ਨੂੰ ਪਹਿਲਾਂ ਸੜਕਾਂ ’ਤੇ ਸੁੱਟਿਆ ਗਿਆ ਅਤੇ ਹੁਣ ਸੌ ਰੁਪਏ ਪ੍ਰਤੀ ਕਿਲੋ ਵੇਚੇ ਜਾ ਰਹੇ ਹਨ। -ਪੀਟੀਆਈ