ਨਵੀਂ ਦਿੱਲੀ, 1 ਮਈ
ਗਰਮੀਆਂ ਵਿੱਚ ਚਿਲਕਦੀ ਧੁੱਪ ਕਾਰਨ ਅੱਖਾਂ ਦੀਆਂ ਕਈ ਕਿਸਮ ਦੀਆਂ ਐਲਰਜੀ ਦੀਆਂ ਸਮੱਸਿਆਵਾਂ ਤੇ ਲਾਗ ਆਮ ਬਿਮਾਰੀਆਂ ਹਨ। ਉਦਯੋਗਿਕ ਮਾਹਿਰਾਂ ਦਾ ਕਹਿਣਾ ਹੈ ਕਿ ਸਾਲ ਦੇ ਇਸ ਸਮੇਂ ’ਚ ਅੱਖਾਂ ਦਾ ਖ਼ਾਸ ਧਿਆਨ ਰੱਖਣ ਦੀ ਲੋੜ ਹੈ।
ਨਵੀਂ ਦਿੱਲੀ ਸਥਿਤ ਵਿਜ਼ਨ ਆਈ ਸੈਂਟਰ ਦੇ ਐੱਮਡੀ ਡਾ. ਤੁਸ਼ਾਰ ਗਰੋਵਰ ਨੇ ਕਿਹਾ,‘ਐਲਰਜੀ, ਲਾਗ ਜਿਵੇਂ ਅੱਖਾਂ ਦੁਖਣੀਆਂ ਆਉਣੀਆਂ ਤੇ ਅੱਖਾਂ ’ਚ ਖੁਸ਼ਕੀ ਅਜਿਹੀਆਂ ਕੁਝ ਸਮੱਸਿਆਵਾਂ ਹਨ। ਅਜਿਹੀ ਸਥਿਤੀ ’ਚ ਸਾਨੂੰ ਵਧੇਰੇ ਸੁਚੇਤ ਹੋਣ ਦੀ ਲੋੜ ਹੈ ਕਿਉਂਕਿ ਜੇਕਰ ਸਮੇਂ ਸਿਰ ਡਾਕਟਰੀ ਸਲਾਹ ਨਹੀਂ ਮੰਨੀ ਜਾਂਦੀ ਤਾਂ ਹਾਲਤ ਹੋਰ ਖਰਾਬ ਹੋ ਸਕਦੀ ਹੈ।’ ਇਸ ਤੋਂ ਇਲਾਵਾ ਹਵਾ ਵਿੱਚ ਮੌਜੂਦ ਵੱਡੇ ਪੱਧਰ ’ਤੇ ਪ੍ਰਦੂਸ਼ਕ ਤੱਤ ਵੀ ਸਮੱਸਿਆ ਪੈਦਾ ਕਰਦੇ ਹਨ। ਅੱਖਾਂ ਸਬੰਧੀ ਦਿੱਕਤਾਂ ਦੇ ਲੱਛਣਾਂ ’ਚ ਖਾਰਸ਼, ਅੱਖਾਂ ਦਾ ਲਾਲ ਹੋਣਾ ਜਾਂ ਇਨ੍ਹਾਂ ਵਿੱਚ ਜਲਣ ਹੋਣਾ ਸ਼ਾਮਲ ਹਨ। ਉਜਾਲਾ ਸਿਗਨਸ ਰੇਨਬੋਅ ਹਸਪਤਾਲ, ਆਗਰਾ ਦੀ ਸੀਨੀਅਰ ਸਲਾਹਕਾਰ (ਰੈਟਿਨਾ ਤੇ ਆਪਥਾਮੋਲੋਜੀ) ਡਾ. ਚਿਕਿਰਸ਼ਾ ਜੈਨ ਨੇ ਕਿਹਾ,‘ਗਰਮੀਆਂ ਵਿੱਚ ਸਾਡੀਆਂ ਅੱਖਾਂ ਵੱਧ ਸੰਵੇਦਨਸ਼ੀਲ ਹੋ ਜਾਂਦੀਆਂ ਹਨ, ਇਸ ਲਈ ਇਨ੍ਹਾਂ ਦੀ ਦੇਖਭਾਲ ਕਰਨਾ ਜ਼ਰੂਰੀ ਹੈ।
ਜੇਕਰ ਤੁਸੀਂ ਕੰਟੈਕਟ ਲੈਂਜ਼ਾਂ ਦੀ ਵਰਤੋਂ ਕਰ ਰਹੇ ਹੋ ਤਾਂ ਚਸ਼ਮੇ ਪਹਿਨ ਕੇ ਅੱਖਾਂ ਦੀ ਸੰਭਾਲ ਕੀਤੀ ਜਾ ਸਕਦੀ ਹੈ। ਜੇਕਰ ਕੋਈ ਅੱਖਾਂ ਦੀ ਸੰਭਾਲ ਸਹੀ ਢੰਗ ਨਾਲ ਨਹੀਂ ਕਰਦਾ ਤਾਂ ਉਸ ਨੂੰ ਅੱਖਾਂ ’ਚ ਖੁਸ਼ਕੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਅੱਖਾਂ ਦੀ ਅੱਥਰੂ ਵਾਲੀ ਪਰਤ ’ਚੋਂ ਨਮੀ ਬਹੁਤ ਜਲਦੀ ਉੱਡ ਜਾਂਦੀ ਹੈ। ਜੇਕਰ ਇਸਦਾ ਇਲਾਜ ਨਾ ਕੀਤਾ ਜਾਵੇ ਤਾਂ ਅੱਖਾਂ ਵਿੱਚ ਜਲਣ ਦੀ ਸਮੱਸਿਆ ਪੈਦਾ ਹੋ ਸਕਦੀ ਹੈ।’ ਔਰਬਿਸ ਇੰਡੀਆ ਦੇ ਮੁਲਕ ਵਿਆਪੀ ਨਿਰਦੇਸ਼ਕ ਡਾ. ਰਿਸ਼ੀ ਰਾਜ ਬੋਰਾਹ ਨੇ ਕਿਹਾ ਕਿ ਗਰਮੀ ਦੇ ਮਹੀਨਿਆਂ ਵਿੱਚ ਸੂਰਜ ਦੀਆਂ ਪਰਾਬੈਂਗਣੀ ਕਿਰਨਾਂ ਦੇ ਸੰਪਰਕ ’ਚ ਆਉਣ ਕਾਰਨ ਅੱਖਾਂ ਦੀਆਂ ਕਈ ਕਿਸਮ ਦੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ, ਜਿਨ੍ਹਾਂ ਦੇ ਇਲਾਜ ਲਈ ਡਾਕਟਰ ਕੋਲ ਨਿਯਮਿਤ ਢੰਗ ਨਾਲ ਜਾਣ ਦੀ ਲੋੜ ਪੈ ਸਕਦੀ ਹੈ। ਜਿਵੇਂ ਕਿ ਹੁਣ ਸਕੂਲ ਮੁੜ ਖੱਲ੍ਹ ਗਏ ਹਨ ਤਾਂ ਅੱਖਾਂ ਦੀ ਜਾਂਚ ਲਾਜ਼ਮੀ ਕੀਤੀ ਜਾਣੀ ਚਾਹੀਦੀ ਹੈ। -ਪੀਟੀਆਈ
ਗਰਮੀ ਦੇ ਮੱਦੇਨਜ਼ਰ ਰਾਜਾਂ ਨੂੰ ਪ੍ਰਬੰਧ ਪੁਖ਼ਤਾ ਕਰਨ ਦੀ ਅਪੀਲ
ਤਾਪਮਾਨ ਦੇ ਲਗਾਤਾਰ ਵਧਣ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਿਹਤ ਪ੍ਰਬੰਧਾਂ ਦੀ ਸਮੀਖਿਆ ਕਰਨ ਤੇ ਤਿਆਰੀ ਪੂਰੀ ਰੱਖਣ। ਕੇਂਦਰ ਸਰਕਾਰ ਨੇ ਰਾਜਾਂ ਨੂੰ ਜ਼ਰੂਰੀ ਦਵਾਈਆਂ ਦੀ ਪੂਰਤੀ ਕਰਨ ਲਈ ਕਿਹਾ ਹੈ। ਇਸ ਤੋਂ ਇਲਾਵਾ ਪੀਣ ਵਾਲੇ ਪਾਣੀ ਦੇ ਲੋੜੀਂਦੇ ਪ੍ਰਬੰਧ ਕਰਨ ਅਤੇ ਜ਼ਿਆਦਾ ਗਰਮੀ ਵਾਲੇ ਖੇਤਰਾਂ ਵਿਚ ਕੂਲਿੰਗ ਉਪਕਰਨ ਉਪਲਬਧ ਕਰਾਉਣ ਲਈ ਵੀ ਕਿਹਾ ਹੈ। -ਪੀਟੀਆਈ