ਨਵੀਂ ਦਿੱਲੀ/ਮੁੰਬਈ: ਦਿੱਲੀ ਪੁਲੀਸ ਵੱਲੋਂ ਟਵਿੱਟਰ ਨੂੰ ‘ਟੂਲਕਿੱਟ’ ਮਾਮਲੇ ਦੀ ਜਾਂਚ ਸਬੰਧੀ ਭੇਜੇ ਨੋਟਿਸ ਤੋਂ ਬਾਅਦ ਅੱਜ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ‘ਸੱਚ ਕਦੇ ਡਰਦਾ ਨਹੀਂ।’ ਜ਼ਿਕਰਯੋਗ ਹੈ ਕਿ ‘ਕੋਵਿਡ ਟੂਲਕਿੱਟ’ ਸਬੰਧੀ ਜਾਂਚ ਦੇ ਮਾਮਲੇ ਵਿਚ ਦਿੱਲੀ ਪੁਲੀਸ ਦੀ ਟੀਮ ਸੋਮਵਾਰ ਟਵਿੱਟਰ ਦੇ ਦਫ਼ਤਰ ਪਹੁੰਚ ਗਈ ਸੀ। ਗਾਂਧੀ ਨੇ ਟਵੀਟ ਕਰਦਿਆਂ ਹੈਸ਼ਟੈਗ ‘ਟੂਲਕਿੱਟ’ ਵਰਤਿਆ। ਕਾਂਗਰਸ ਨੇ ਸੋਮਵਾਰ ਦਿੱਲੀ ਪੁਲੀਸ ਦੀ ਕਾਰਵਾਈ ਨੂੰ ‘ਕਾਇਰਾਨਾ ਛਾਪੇਮਾਰੀ’ ਦੱਸਿਆ ਸੀ। ਪਾਰਟੀ ਨੇ ਕਿਹਾ ਸੀ ਕਿ ਭਾਜਪਾ ਆਗੂਆਂ ਵੱਲੋਂ ਬਣਾਈ ‘ਫ਼ਰਜ਼ੀ ਟੂਲਕਿੱਟ’ ਨੂੰ ਲੁਕੋਣ ਲਈ ਬੇਮਤਲਬ ਦੀ ਕਾਰਵਾਈ ਕੀਤੀ ਗਈ ਹੈ। ਇਸੇ ਦੌਰਾਨ ਸ਼ਿਵ ਸੈਨਾ ਸੰਸਦ ਮੈਂਬਰ ਸੰਜੈ ਰਾਊਤ ਨੇ ਦੋਸ਼ ਲਾਇਆ ਹੈ ਕਿ ਭਾਜਪਾ ਸੋਸ਼ਲ ਮੀਡੀਆ ਜਾਂ ‘ਟੂਲਕਿੱਟ’ ਨੂੰ ਵਿਰੋਧੀਆਂ ’ਤੇ ਨਿਸ਼ਾਨਾ ਸੇਧਣ ਲਈ ਵਰਤ ਰਹੀ ਹੈ। ਸ਼ਿਵ ਸੈਨਾ ਆਗੂ ਨੇ ਕਿਹਾ ਕਿ ਜਦ ਵੀ ਭਾਜਪਾ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਇਹ ਵੱਖ-ਵੱਖ ਢੰਗਾਂ ਨਾਲ ਦਬਾਅ ਬਣਾਉਂਦੀ ਹੈ। -ਪੀਟੀਆਈ