ਨਵੀਂ ਦਿੱਲੀ: ਕਿਸਾਨਾਂ ਤੇ ਕੇਂਦਰ ਵਿਚਾਲੇ ਅੱਜ ਗੱਲਬਾਤ ਟੁੱਟਣ ਮਗਰੋਂ ਦਿੱਲੀ ਪੁਲੀਸ ਨੇ ਸਿੰਘੂ, ਟਿਕਰੀ ਅਤੇ ਗਾਜ਼ੀਪੁਰ ਦੇ ਬਾਰਡਰਾਂ ਦੀ ਸੁਰੱਖਿਆ ਮਜ਼ਬੂਤ ਕਰ ਦਿੱਤੀ ਹੈ। ਇਨ੍ਹਾਂ ਮੋਰਚਿਆਂ ’ਤੇ ਰੈਪਿਡ ਐਕਸ਼ਨ ਫੋਰਸ ਦੇ ਵੱਡੀ ਗਿਣਤੀ ਜਵਾਨ ਤਾਇਨਾਤ ਕੀਤੇ ਗਏ ਹਨ ਜਿਨ੍ਹਾਂ ਵਿੱਚ ਮਹਿਲਾ ਮੁਲਾਜ਼ਮ ਵੀ ਸ਼ਾਮਲ ਹਨ। ਸੂਤਰਾਂ ਮੁਤਾਬਕ ਰੇਤ ਦੇ ਡੰਪਰ, ਟਰਾਲੇ ਅਤੇ ਕੰਡਿਆਲੀ ਤਾਰਾਂ ਦੇ ਬੰਦੋਬਸਤ ਵੀ ਕੀਤੇ ਜਾ ਰਹੇ ਹਨ। ਸੀਮਿੰਟ ਦੇ ਵੱਡੇ-ਵੱਡੇ ਪੱਥਰਾਂ ਨਾਲ ਬਾਰਡਰਾਂ ਦੀ ਬੈਰੀਕੇਡਿੰਗ ਕੀਤੀ ਜਾ ਰਹੀ ਹੈ। ਇਹ ਬੰਦੋਬਸਤ ਕਿਸਾਨਾਂ ਵੱਲੋਂ 26 ਜਨਵਰੀ ਨੂੰ ਐਲਾਨੇ ਟਰੈਕਟਰ ਮਾਰਚ ਨੂੰ ਰੋਕਣ ਲਈ ਕੀਤੇ ਗਏ ਹਨ। ਖੁਫ਼ੀਆ ਵਿੰਗਾਂ ਵੱਲੋਂ ਵੀ ਮਾਰਚ ਦੀਆਂ ਤਿਆਰੀਆਂ ’ਤੇ ਨਜ਼ਰ ਰੱਖੀ ਜਾ ਰਹੀ ਹੈ। ਉਧਰ ਆਲ ਇੰਡੀਆ ਕਿਸਾਨ ਸਭਾ ਦੇ ਸੂਬਾ ਮੀਤ ਪ੍ਰਧਾਨ ਲਖਬੀਰ ਸਿੰਘ ਨਿਜ਼ਾਮਪੁਰ ਨੇ ਕੇਂਦਰ ਸਰਕਾਰ ਦੀ ਨਿੰਦਾ ਕਰਦਿਆਂ ਕਿਹਾ ਕਿ ਹੁਣ ਦੇਸ਼ ਦੇ ਲੋਕ ਇਸ ਸਰਕਾਰ ਦਾ ਹੰਕਾਰ ਤੋੜਨ ਲਈ 26 ਜਨਵਰੀ ਦੇ ਟਰੈਕਟਰ ਮਾਰਚ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ।