ਭੋਪਾਲ, 8 ਅਗਸਤ
ਸ਼ਿਓਪੁਰ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਦੌਰੇ ਦੌਰਾਨ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੂੰ ਸਥਾਨਕ ਲੋਕਾਂ ਦਾ ਵਿਰੋਧ ਝੱਲਣ ਤੋਂ ਇੱਕ ਦਿਨ ਬਾਅਦ ਮੱਧ ਪ੍ਰਦੇਸ਼ ਸਰਕਾਰ ਨੇ ਜ਼ਿਲ੍ਹਾ ਕੁਲੈਕਟਰ ਅਤੇ ਐੱਸਪੀ ਦਾ ਤਬਾਦਲਾ ਕਰ ਦਿੱਤਾ ਹੈ। ਕੇਂਦਰੀ ਮੰਤਰੀ ਤੋਮਰ ਜਦੋਂ ਸ਼ਨਿੱਚਰਵਾਰ ਨੂੰ ਸ਼ਿਓਪੁਰ ਸ਼ਹਿਰ ਦੇ ਕਰੇਸ਼ੀਆ ਬਾਜ਼ਾਰ ਦਾ ਦੌਰਾ ਕਰਨ ਆਏ ਸਨ ਤਾਂ ਉਨ੍ਹਾਂ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। ਇਹ ਖੇਤਰ ਕੇਂਦਰੀ ਮੰਤਰੀ ਦੇ ਲੋਕ ਸਭਾ ਹਲਕੇ ਮੋਰੇਨਾ ਵਿੱਚ ਪੈਂਦਾ ਹੈ। ਪ੍ਰਤੱਖਦਰਸ਼ੀਆਂ ਦਾ ਕਹਿਣਾ ਹੈ ਕਿ ਕੁੱਝ ਲੋਕਾਂ ਵੱਲੋਂ ਤੋਮਰ ਦੇ ਕਾਫ਼ਲੇ ਦੀਆਂ ਗੱਡੀਆਂ ’ਤੇ ਚਿੱਕੜ ਵੀ ਸੁੱਟਿਆ ਗਿਆ ਸੀ। ਐਤਵਾਰ ਸਵੇਰੇ ਜਾਰੀ ਆਦੇਸ਼ ਵਿੱਚ ਮੱਧ ਪ੍ਰਦੇਸ਼ ਸਰਕਾਰ ਨੇ ਸ਼ਿਓਪੁਰ ਜ਼ਿਲ੍ਹਾ ਕੁਲੈਕਟਰ ਰਾਕੇਸ਼ ਸ੍ਰੀਵਾਸਤਵ ਨੂੰ ਸੂਬਾ ਸਕੱਤਰੇਤ ਵਿੱਚ ਡਿਪਟੀ ਸਕੱਤਰ ਲਾ ਦਿੱਤਾ ਹੈ। ਉਨ੍ਹਾਂ ਦੀ ਥਾਂ ਗਵਾਲੀਅਰ ਨਗਰ ਨਿਗਮ ਦੇ ਕਮਿਸ਼ਨਰ ਸ਼ਿਵਮ ਵਰਮਾ ਨੂੰ ਸ਼ਿਓਪੁਰ ਦਾ ਕੁਲੈਕਟਰ ਲਾਇਆ ਗਿਆ ਹੈ। ਇੱਕ ਹੋਰ ਆਦੇਸ਼ ਵਿੱਚ ਸ਼ਿਓਪੁਰ ਦੇ ਐੱਸਪੀ ਸੰਪਤ ਉਪਾਧਿਆਇ ਨੂੰ ਪੁਲੀਸ ਹੈੱਡਕੁਆਰਟਰ ਵਿੱਚ ਏਆਈਜੀ ਲਾਇਆ ਗਿਆ, ਜਦੋਂਕਿ ਗਵਾਲੀਅਰ ਦੇ ਏਆਈਜੀ ਅਨੁਰਾਗ ਸੁਜਾਨੀਆ ਨੂੰ ਸ਼ਿਓਪੁਰ ਦਾ ਐੱਸਪੀ ਨਿਯੁਕਤ ਕੀਤਾ ਗਿਆ ਹੈ। -ਪੀਟੀਆਈ