ਮੁੰਬਈ, 30 ਅਗਸਤ
ਮੁੰਬਈ ਮੈਟਰੋ ਰੇਲ ਕਾਰਪੋਰੇਸ਼ਨ ਲਿਮਿਟਡ (ਐੱਮਐੱਮਆਰਸੀਐੱਲ) ਨੇ ਅੱਜ ਆਰੇ ਕਲੋਨੀ ਦੇ ਸਾਰੀਪੁਟ ਨਗਰ ਵਿੱਚ ਕੋਲਾਬਾ-ਬਾਂਦਰਾ-ਸੀਪਜ਼ (ਸਾਂਤਾਕਰੂਜ਼ ਇਲੈਕਟ੍ਰਾਨਿਕਸ ਐਕਸਪੋਰਟ ਪ੍ਰੋਸੈਸਿੰਗ ਜ਼ੋਨ) ਮੈਟਰੋ ਲਾਈਨ-3 ਦਾ ਟਰਾਇਲ ਸ਼ੁਰੂ ਕੀਤਾ ਹੈ। ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਅਤੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਸਵੇਰੇ 11 ਵਜੇ ਦੇ ਕਰੀਬ ਇਸ ਨੂੰ ਹਰੀ ਝੰਡੀ ਦਿੱਤੀ। ਇਸ ਮੌਕੇ ਫੜਨਵੀਸ ਨੇ ਕਿਹਾ ਕਿ ਮੈਟਰੋ ਲਾਈਨ-3 ਪ੍ਰਾਜੈਕਟ (ਕਾਰ ਸ਼ੈੱਡ) ਦਾ ਵਿਰੋਧ ਵਾਤਾਵਰਨ ਕਾਰਨਾਂ ਨਾਲੋਂ ਵੱਧ ਸਿਆਸੀ ਕਾਰਨਾਂ ਕਰਕੇ ਕੀਤਾ ਗਿਆ ਸੀ। ਮੁੰਬਈ ਮੈਟਰੋ ਦੀ ਤੀਜੀ ਲਾਈਨ ਵਿੱਚ 33.5 ਕਿਲੋਮੀਟਰ ਲੰਮਾ ਜ਼ਮੀਨਦੋਜ਼ ਰਸਤਾ ਸ਼ਾਮਲ ਹੈ। ਇਹ ਲਾਈਨ ਦੱਖਣੀ ਮੁੰਬਈ ਨੂੰ ਪੱਛਮੀ ਉਪਨਗਰਾਂ ਨਾਲ ਜੋੜੇਗੀ। ਹਰੀ ਝੰਡੀ ਦੇਣ ਤੋਂ ਪਹਿਲਾਂ ਸ਼ਿੰਦੇ ਅਤੇ ਫੜਨਵੀਸ ਨੇ ਮੈਟਰੋ ਦਾ ਜਾਇਜ਼ਾ ਲਿਆ। ਸ਼ਿੰਦੇ ਸਰਕਾਰ ਨੇ ਇਸ ਸਾਲ 30 ਜੂਨ ਨੂੰ ਸੰਜੈ ਗਾਂਧੀ ਨੈਸ਼ਨਲ ਪਾਰਕ ਦੇ ਨਾਲ ਲੱਗਦੀ ਜੰਗਲੀ ਜ਼ਮੀਨ ਆਰੇ ਵਿੱਚ ਮੈਟਰੋ ਕਾਰ ਸ਼ੈੱਡ ਬਣਾਉਣ ਦੇ ਫੈਸਲੇ ਨੂੰ ਪਲਟ ਦਿੱਤਾ ਸੀ। ਸਾਬਕਾ ਮੁੱਖ ਮੰਤਰੀ ਊਧਵ ਠਾਕਰੇ ਨੇ ਪਿਛਲੇ ਮਹੀਨੇ ਸੂਬੇ ਦੀ ਨਵੀਂ ਸਰਕਾਰ ਨੂੰ ਆਰੇ ’ਚ ਕਾਰ ਸ਼ੈੱਡ ਬਣਾਉਣ ਦੀ ਯੋਜਨਾ ਅੱਗੇ ਨਾ ਵਧਾਉਣ ਦੀ ਅਪੀਲ ਕੀਤੀ ਸੀ। ਇਸ ਬਾਰੇ ਫੜਨਵੀਸ ਨੇ ਕਿਹਾ, ‘‘ਲਾਈਨ-3 ਸ਼ੁਰੂ ਹੋਣ ਮਗਰੋਂ ਇਸ ’ਤੇ ਰੋਜ਼ਾਨਾ 17 ਲੱਖ ਦੇ ਕਰੀਬ ਲੋਕ ਸਫਰ ਕਰਨਗੇ। ਇਸ ਦੇ ਸ਼ੁਰੂ ਹੋਣ ਨਾਲ ਸੜਕਾਂ ’ਤੇ ਕਰੀਬ ਸੱਤ ਲੱਖ ਵਾਹਨ ਘੱਟ ਜਾਣਗੇ। ਇਹ ਲਾਈਨ ਯਕੀਨੀ ਤੌਰ ’ਤੇ ਵਾਤਾਵਰਨ ਦੇ ਉਦੇਸ਼ਾਂ ਦਾ ਸਮਰਥਨ ਕਰੇਗੀ।’’ -ਪੀਟੀਆਈ