ਖੁੰਟੀ (ਝਾਰਖੰਡ), 2 ਨਵੰਬਰ
ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੋਨ ਨੇ ਅੱਜ ਆਪਣੇ ਅਸਾਮ ਦੇ ਹਮਰੁਤਬਾ ਹਿਮੰਤਾ ਬਿਸਵਾ ਸਰਮਾ ’ਤੇ ਨਿਸ਼ਾਨਾ ਸੇਧਦਿਆਂ ਦੋਸ਼ ਲਾਇਆ ਕਿ ਉੱਤਰ-ਪੂਰਬੀ ਸੂਬੇ ਵਿੱਚ ਝਾਰਖੰਡ ਦੇ ਕਬਾਇਲੀ ਲੋਕਾਂ ਨੂੰ ਅਨੁਸੂਚਿਤ ਜਨਜਾਤੀ ਦਾ ਦਰਜਾ ਨਾ ਦੇ ਕੇ ਉਨ੍ਹਾਂ ਦੀ ਪਛਾਣ ਨੂੰ ਖਤਮ ਜਾ ਰਿਹਾ ਹੈ। ਉਹ ਖੁੰਟੀ ਜ਼ਿਲ੍ਹੇ ਵਿੱਚ ਪੈਂਦੇ ਤਪਕਾਰਾ ’ਚ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ।
ਸੋਰੇਨ ਨੇ ਕਿਹਾ ਕਿ ਵੱਡੀ ਗਿਣਤੀ ਲੋਕ ਜਿਨ੍ਹਾਂ ਦੀਆਂ ਜੜ੍ਹਾਂ ਝਾਰਖੰਡ ਵਿੱਚ ਹਨ, ਅਸਾਮ ਦੇ ਚਾਹ ਦੇ ਬਾਗਾਂ ਵਿੱਚ ਰਹਿ ਰਹੇ ਹਨ ਪਰ ਉਨ੍ਹਾਂ ਦੇ ਹਾਲਾਤ ਚੰਗੇ ਨਹੀਂ ਹਨ। ਉਨ੍ਹਾਂ ਦੋਸ਼ ਲਾਇਆ, ‘‘ਅਸਾਮ ਦੇ ਮੁੱਖ ਮੰਤਰੀ ਇੱਥੇ ਕਬਾਇਲੀਆਂ ਦੇ ਸ਼ੁਭ ਚਿੰਤਕ ਬਣਨ ਦਾ ਦਿਖਾਵਾ ਕਰਦੇ ਹਨ ਪਰ ਉੱਤਰ-ਪੂਰਬੀ ਸੂਬੇ ਵਿੱਚ ਉਨ੍ਹਾਂ ਨੂੰ ਅਨੁਸੂਚਿਤ ਜਨਜਾਤੀ (ਐੱਸਟੀ) ਦਾ ਦਰਜਾ ਨਾ ਕੇ ਦੇ ਝਾਰਖੰਡ ਦੇ ਕਬਾਇਲੀਆਂ ਦੀ ਪਛਾਣ ਖ਼ਤਮ ਕੀਤੀ ਜਾ ਰਹੀ ਹੈ। ਉਨ੍ਹਾਂ ਭਗਵਾਂ ਪਾਰਟੀ ’ਤੇ ਸਮਾਜ ਨੂੰ ਧਰਮ ਤੇ ਪਿਛੋਕੜ ਦੇ ਨਾਮ ’ਤੇ ਵੰਡਣ ਦੇ ਦੋਸ਼ ਵੀ ਲਗਾਏ।
ਮੁੱਖ ਮੰਤਰੀ ਨੇ ਦੋਸ਼ ਲਗਾਇਆ ਕਿ ਸੂਬਾ ਸਰਕਾਰ ਨੂੰ ਵਿਕਾਸ ਕਾਰਜ ਕਰਨ ਤੋਂ ਰੋਕਣ ਲਈ ਭਾਜਪਾ ਦੀ ਸਾਜ਼ਿਸ਼ ਤਹਿਤ ਝਾਰਖੰਡ ਵਿੱਚ ਸਮੇਂ ਤੋਂ ਇਕ ਮਹੀਨੇ ਪਹਿਲਾਂ ਹੀ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ। ਸੋਰੇਨ ਨੇ ਕਿਹਾ, ‘‘ਸਾਡੀ ਸਰਕਾਰ ਨੂੰ ਪਹਿਲੇ ਦੋ ਸਾਲ ਤਾਂ ਕੋਵਿਡ ਮਹਾਮਾਰੀ ਨਾਲ ਨਜਿੱਠਣਾ ਪਿਆ। ਜਦੋਂ ਹਾਲਾਤ ਆਮ ਵਰਗੇ ਹੋਣ ਲੱਗੇ ਤਾਂ ਵਿਰੋਧੀ ਧਿਰ ਨੇ ਇਕ ਤੋਂ ਬਾਅਦ ਸਾਜ਼ਿਸ਼ ਰਚਣੀ ਸ਼ੁਰੂ ਕਰ ਦਿੱਤੀ। ਜਦੋਂ ਉਹ ਸਫ਼ਲ ਨਾ ਹੋਏ ਤਾਂ ਅਖ਼ੀਰ ਉਨ੍ਹਾਂ ਨੇ ਮੈਨੂੰ ਜੇਲ੍ਹ ਵਿੱਚ ਸੁੱਟ ਦਿੱਤਾ।’’ ਉਨ੍ਹਾਂ ਕਿਹਾ ਕਿ ਇਕ ਇਕੱਲੇ ਹੇਮੰਤ ਸੋਰੋਨ ਨੂੰ ਰੋਕਣ ਲਈ ਵਿਰੋਧੀ ਧਿਰ ਦੇ ਕਈ ਆਗੂ ਹੈਲੀਕਾਪਟਰਾਂ ’ਚ ਸੂਬੇ ਦੇ ਚੱਕਰ ਕੱਟ ਰਹੇ ਹਨ। -ਪੀਟੀਆਈ
ਝਾਰਖੰਡ ਦੀ ਤਰਜ਼ ’ਤੇ ਪੈਨਸ਼ਨ ਯੋਜਨਾ ਲਾਗੂ ਕਰੇ ਕੇਂਦਰ: ਕਲਪਨਾ ਸੋਰੇਨ
ਲਤੇਹਾਰ (ਝਾਰਖੰਡ): ਝਾਰਖੰਡ ਮੁਕਤੀ ਮੋਰਚਾ ਦੀ ਆਗੂ ਅਤੇ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਪਤਨੀ ਕਲਪਨਾ ਸੋਰੇਨ ਨੇ ਅੱਜ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਝਾਰਖੰਡ ਦੀ ਤਰਜ਼ ’ਤੇ ਦੇਸ਼ ਭਰ ਵਿੱਚ ਇਕ ਪੈਨਸ਼ਨ ਯੋਜਨਾ ਲਾਗੂ ਕਰੇ ਅਤੇ ਲਾਭਪਾਤਰੀਆਂ ਨੂੰ 1,000 ਰੁਪਏ ਮਹੀਨਾ ਦਿੱਤੇ ਜਾਣ। ਉਹ ਲਤੇਹਾਰ ਵਿੱਚ ਪਾਰਟੀ ਆਗੂ ਬੈਦਿਆਨਾਥ ਰਾਮ ਦੇ ਸਮਰਥਨ ਵਿੱਚ ਇਕ ਚੋਣ ਰੈਲੀ ਨੂੰ ਸੰਬੋਧਨ ਕਰ ਰਹੀ ਸੀ। -ਪੀਟੀਆਈ