ਮੁੰਬਈ, 17 ਨਵੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸ ਆਗੂ ਰਾਹੁਲ ਗਾਂਧੀ ਅਤੇ ਮਹਾਰਾਸ਼ਟਰ ਤੇ ਸਾਬਕਾ ਮੁੱਖ ਮੰਤਰੀ ਊਧਵ ਠਾਕਰੇ ਸਮੇਤ ਵੱਖ ਵੱਖ ਆਗੂਆਂ ਨੇ ਅੱਜ ਸ਼ਿਵ ਸੈਨਾ ਦੇ ਬਾਨੀ ਬਾਲ ਠਾਕਰੇ ਨੂੰ ਉਨ੍ਹਾਂ ਦੀ 12ਵੀਂ ਬਰਸੀ ਮੌਕੇ ਸ਼ਰਧਾਂਜਲੀ ਭੇਟ ਕੀਤੀ।
ਮੋਦੀ ਨੇ ਐਕਸ ’ਤੇ ਕਿਹਾ, ‘ਮੈਂ ਮਹਾਨ ਬਾਲਾ ਸਾਹਿਬ ਠਾਕਰੇ ਜੀ ਨੂੰ ਉਨ੍ਹਾਂ ਦੀ ਬਰਸੀ ਮੌਕੇ ਸ਼ਰਧਾਂਜਲੀ ਭੇਟ ਕਰਦਾ ਹਾਂ। ਉਹ ਮਹਾਰਾਸ਼ਟਰ ਦੇ ਵਿਕਾਸ ਤੇ ਮਰਾਠੀ ਲੋਕਾਂ ਦੇ ਸ਼ਕਤੀਕਰਨ ਦੀ ਹਮਾਇਤ ਕਰਨ ਵਾਲੇ ਇੱਕ ਦੂਰਦਰਸ਼ੀ ਵਿਅਕਤੀ ਸਨ। ਉਨ੍ਹਾਂ ਦੀ ਨਿਡਰ ਆਵਾਜ਼ ਤੇ ਅਟੁੱਟ ਭਾਵਨਾ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ।’ ਰਾਹੁਲ ਗਾਂਧੀ ਨੇ ਐਕਸ ’ਤੇ ਕਿਹਾ, ‘ਬਾਲਾਸਾਹਿਬ ਠਾਕਰੇ ਜੀ ਨੂੰ ਉਨ੍ਹਾਂ ਦੀ 12ਵੀਂ ਬਰਸੀ ਮੌਕੇ ਯਾਦ ਕਰ ਰਿਹਾ ਹਾਂ। ਮੇਰੀਆਂ ਸੰਵੇਦਨਾਵਾਂ ਊਧਵ ਠਾਕਰੇ ਜੀ, ਆਦਿੱਤਿਆ ਠਾਕਰੇ ਤੇ ਪੂਰੇ ਸ਼ਿਵ ਸੈਨਾ ਪਰਿਵਾਰ ਨਾਲ ਹਨ।’ ਇਸੇ ਤਰ੍ਹਾਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ, ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ, ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਸਪੀ) ਦੇ ਮੁਖੀ ਸ਼ਰਦ ਪਵਾਰ, ਕਾਂਗਰਸ ਦੀ ਮੁੰਬਈ ਇਕਾਈ ਦੀ ਪ੍ਰਧਾਨ ਵਰਸ਼ਾ ਗਾਇਕਵਾੜ ਅਤੇ ਸ਼ਿਵਸੈਨਾ (ਯੂਬੀਟੀ) ਦੇ ਆਗੂ ਆਦਿੱਤਿਆ ਠਾਕਰੇ ਸ਼ਾਮਲ ਹਨ। ਪਵਾਰ ਨੇ ਐਕਸ ’ਤੇ ਕਿਹਾ, ‘ਸ਼ਿਵ ਸੈਨਾ ਦੇ ਬਾਨੀ, ਵਿਅੰਗਕਾਰ ਤੇ ਰਾਜਨੇਤਾ ਮਰਹੂਮ ਬਾਲਾਸਾਹਿਬ ਠਾਕਰੇ ਨੂੰ ਪ੍ਰਣਾਮ ਜਿਨ੍ਹਾਂ ਮਰਾਠੀ ਲੋਕਾਂ ਨਾਲ ਹੁੰਦੇ ਅਨਿਆਂ ਖ਼ਿਲਾਫ਼ ਲੜਾਈ ਲੜੀ।’ ਜ਼ਿਕਰਯੋਗ ਹੈ ਕਿ ਸ਼ਿਵ ਸੈਨਾ ਦੇ ਬਾਨੀ ਦਾ ਲੰਮੀ ਬਿਮਾਰੀ ਮਗਰੋਂ 17 ਨਵੰਬਰ 2012 ਨੂੰ ਮੁੰਬਈ ਸਥਿਤ ਉਨ੍ਹਾਂ ਦੀ ਰਿਹਾਇਸ਼ ‘ਮਾਤੋਸ੍ਰੀ’ ’ਚ ਦੇਹਾਂਤ ਹੋ ਗਿਆ ਸੀ। -ਪੀਟੀਆਈ