ਪੱਤਰ ਪ੍ਰੇਰਕ
ਨਵੀਂ ਦਿੱਲੀ, 20 ਜਨਵਰੀ
ਕਿਸਾਨ ਅੰਦੋਲਨ ਦੌਰਾਨ ਐਤਕੀਂ 26 ਜਨਵਰੀ ਨੂੰ ਗਣਤੰਤਰ ਦਿਵਸ ਤੋਂ ਪਹਿਲਾਂ ਹੀ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਤਿਰੰਗੇ ਵਿਕਣ ਲੱਗੇ ਹਨ। ਸਟੇਸ਼ਨਰੀ ਦੀਆਂ ਦੁਕਾਨਾਂ ਤੋਂ ਇਲਾਵਾ ਵੱਖ-ਵੱਖ ਚੌਕਾਂ, ਸੜਕਾਂ ’ਤੇ ਬੱਚੇ, ਔਰਤਾਂ ਤੇ ਕਈ ਨੌਜਵਾਨ ਤਿਰੰਗੇ ਵੇਚ ਰਹੇ ਹਨ।
ਝੰਡੇ ਵੇਚਣ ਵਾਲੇ ਇੱਕ ਨੌਜਵਾਨ ਨੇ ਦੱਸਿਆ ਕਿ ਉਹ ਸਿੰਘੂ ਹੱਦ ਵਾਲੀ ਸੜਕ ’ਤੇ ਤਿਰੰਗੇ ਵੇਚਣ ਆਇਆ ਹੈ ਤੇ ਉਸ ਨੂੰ ਉਮੀਦ ਹੈ ਕਿ ਕਿਸਾਨ ਇਹ ਝੰਡੇ ਜ਼ਿਆਦਾ ਗਿਣਤੀ ਵਿੱਚ ਖਰੀਦਣਗੇ। 26 ਜਨਵਰੀ ਨੂੰ ਕਿਸਾਨਾਂ ਨੇ ਦਿੱਲੀ ਦੀ ਬਾਹਰੀ ਰਿੰਗ ਰੋਡ ’ਤੇ ਟਰੈਕਟਰ ਮਾਰਚ ਕੱਢਣ ਦਾ ਐਲਾਨ ਕੀਤਾ ਹੋਇਆ ਹੈ ਤੇ ਟਰੈਕਟਰਾਂ ਉੱਪਰ ਸਿਰਫ਼ ਤਿਰੰਗਾ ਤੇ ਯੂਨੀਅਨ ਦਾ ਝੰਡਾ ਹੀ ਲਾਉਣ ਦੀ ਆਗਿਆ ਹੋਵੇਗੀ। ਸਿਆਸੀ ਝੰਡੇ ਲਾਉਣ ਦੀ ਸਖ਼ਤ ਮਨਾਹੀ ਕਿਸਾਨ ਆਗੂਆਂ ਵੱਲੋਂ ਕੀਤੀ ਹੋਈ ਹੈ। ਦਿੱਲੀ ਦੇ ਕਈ ਚੌਕਾਂ ਵਿੱਚ ਵੀ ਗ਼ਰੀਬ ਪਰਿਵਾਰਾਂ ਦੇ ਬੱਚੇ ਤੇ ਔਰਤਾਂ ਤਿਰੰਗੇ ਵੇਚਦੇ ਦੇਖੇ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਤਿਰੰਗੇ ਦੇ ਭਾਅ ਝੰਡੇ ਦੇ ਆਕਾਰ ਅਨੁਸਾਰ 25, 50 ਤੇ 100 ਰੁਪਏ ਤਕ ਹਨ।