ਕੋਲਕਾਤਾ, 24 ਜਨਵਰੀ
ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਜਨਮ ਦਿਵਸ ਸਬੰਧੀ ਭਾਸ਼ਣ ਤੋਂ ਪਹਿਲਾਂ ‘ਜੈ ਸ੍ਰੀ ਰਾਮ’ ਦੇ ਨਾਅਰੇ ਲਗਾਉਣ ਵਾਲੇ ਕੁਝ ਸਰੋਤਿਆਂ ਵੱਲੋਂ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਕੀਤੇ ਗਏ ਨਿੰਦਣਯੋਗ ਵਿਵਹਾਰ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੁੱਪ ਬਾਰੇ ਤ੍ਰਿਣਮੂਲ ਕਾਂਗਰਸ ਨੇ ਅੱਜ ਅਫ਼ਸੋਸ ਜ਼ਾਹਿਰ ਕੀਤਾ ਹੈ।
ਰਾਜ ਦੇ ਮੰਤਰੀ ਬ੍ਰਤਯਾ ਬਾਸੂ ਨੇ ਅੱਜ ਇੱਥੇ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਕਿ ਇਹ ਘਟਨਾ ਕੁਝ ਲੋਕਾਂ ਦੀ ਮਹਿਲਾ ਵਿਰੋਧੀ ਮਾਨਸਿਕਤਾ ਨੂੰ ਦਰਸਾਉਂਦੀ ਹੈ।
ਉਨ੍ਹਾਂ ਦਾਅਵਾ ਕੀਤਾ, ‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਉਸ ਵੇਲੇ ਪ੍ਰੋਗਰਾਮ ਵਿੱਚ ਹਾਜ਼ਰ ਸਨ, ਨੇ ਅਜਿਹਾ ਕਰਨ ਵਾਲੇ ਸਰੋਤਿਆਂ ਦੇ ਵਤੀਰੇ ਬਾਰੇ ਇਕ ਸ਼ਬਦ ਵੀ ਨਹੀਂ ਕਿਹਾ। ਇਸ ਤੋਂ ਪਤਾ ਲੱਗਦਾ ਹੈ ਕਿ ਭਾਜਪਾ ਵਿੱਚ ਨੇਤਾਜੀ ਪ੍ਰਤੀ ਕੋਈ ਸਨਮਾਨ ਨਹੀਂ ਹੈ ਅਤੇ ਇਹ ਲੋਕ ਨੇਤਾਜੀ ਦੀ ਸੋਚ ਬਾਰੇ ਕੁਝ ਨਹੀਂ ਜਾਣਦੇ ਹਨ।’’ ਤ੍ਰਿਣਮੂਲ ਕਾਂਗਰਸ ਦੇ ਆਗੂ ਨੇ ਦਾਅਵਾ ਕੀਤਾ ਕਿ ਇਕ ਫਾਸ਼ੀਵਾਦੀ ਤਾਕਤ ਪੱਛਮੀ ਬੰਗਾਲ ਵਿੱਚ ਸੱਤਾ ਹਥਿਆਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਤਾਕਤ ਸੱਤਾ ਵਿਚ ਆ ਜਾਂਦੀ ਹੈ ਤਾਂ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦਾਅ ’ਤੇ ਲੱਗ ਜਾਵੇਗੀ। ਕ੍ਰਿਪਾ ਕਰ ਕੇ ਇਸ ਤਾਕਤ ਨੂੰ ਬੰਗਾਲ ਦਾ ਕੰਟਰੋਲ ਹੱਥ ਵਿੱਚ ਲੈਣ ਦੀ ਇਜਾਜ਼ਤ ਨਾ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਵੇਲੇ ਬੰਗਾਲ ’ਚ ਵੱਖ-ਵੱਖ ਵਿਚਾਰਧਾਰਾ ਵਾਲੇ ਲੋਕਾਂ ਨੂੰ ਆਪੋ-ਆਪਣੇ ਵਿਚਾਰ ਸਾਂਝੇ ਕਰਨ ਦੀ ਆਜ਼ਾਦੀ ਹੈ ਜੋ ਕਿ ਇਨ੍ਹਾਂ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਖ਼ਤਮ ਹੋ ਜਾਵੇਗੀ।
ਇਸ ਦੌਰਾਨ ਮਸ਼ਹੂਰ ਬੰਗਾਲੀ ਅਦਾਕਾਰਾ ਕੌਸ਼ਾਨੀ ਮੁਖੋਪਾਧਿਆਏ ਅਤੇ ਈਸਟਰਨ ਇੰਡੀਆ ਮੋਸ਼ਨ ਪਿਕਚਰਜ਼ ਐਸੋਸੀਏਸ਼ਨ ਦੀ ਚੇਅਰਪਰਸਨ ਪੀਆ ਸੇਨਗੁਪਤਾ ਤ੍ਰਿਣਮੂਲ ਕਾਂਗਰਸ ਵਿੱਚ ਸ਼ਾਮਲ ਹੋਈਆਂ। -ਪੀਟੀਆਈ