’ਕਾਲਿਮਪੌਂਗ/ਧੂਪਗੁੜੀ, 12 ਅਪਰੈਲ
ਪਹਾੜੀ ਇਲਾਕਿਆਂ ਦੇ ਲੋਕਾਂ ’ਚ ਤ੍ਰਿਣਮੂਲ ਕਾਂਗਰਸ ਵੱਲੋਂ ਫੈਲਾਏ ਜਾ ਰਹੇ ਡਰ ਨੂੰ ਦੂਰ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਕੌਮੀ ਨਾਗਰਿਕਤਾ ਰਜਿਸਟਰ (ਐੱਨਆਰਸੀ) ਦਾ ਗੋਰਖਿਆਂ ’ਤੇ ਕੋਈ ਅਸਰ ਨਹੀਂ ਹੋਵੇਗਾ। ਕਾਲਿਮਪੌਂਗ ’ਚ ਰੋਡ ਸ਼ੋਅ ਮਗਰੋਂ ਆਪਣੇ ਸੰਬੋਧਨ ’ਚ ਉਨ੍ਹਾਂ ਕਿਹਾ ਕਿ ਜਦੋਂ ਤੱਕ ਕੇਂਦਰ ’ਚ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਜਪਾ ਦੀ ਸਰਕਾਰ ਹੈ, ਕਿਸੇ ਵੀ ਗੋਰਖੇ ਨੂੰ ਨੁਕਸਾਨ ਨਹੀਂ ਪਹੁੰਚੇਗਾ। ਭਾਜਪਾ ਦੇ ਸੀਨੀਅਰ ਆਗੂ ਨੇ ਕਿਹਾ,‘‘ਐੱਨਆਰਸੀ ਅਜੇ ਲਾਗੂ ਨਹੀਂ ਕੀਤਾ ਗਿਆ ਹੈ ਪਰ ਜਦੋਂ ਵੀ ਇਹ ਲਾਗੂ ਹੋਵੇਗਾ, ਕਿਸੇ ਵੀ ਗੋਰਖੇ ਨੂੰ ਛੱਡ ਕੇ ਜਾਣ ਲਈ ਨਹੀਂ ਆਖਿਆ ਜਾਵੇਗਾ। ਤ੍ਰਿਣਮੂਲ ਕਾਂਗਰਸ ਗੋਰਖਿਆਂ ’ਚ ਡਰ ਪੈਦਾ ਕਰਨ ਲਈ ਅਜਿਹਾ ਝੂਠ ਬੋਲ ਰਹੀ ਹੈ।’’ ਸ਼ਾਹ ਨੇ ਦਾਅਵਾ ਕੀਤਾ ਕਿ 1986 ’ਚ 1200 ਤੋਂ ਜ਼ਿਆਦਾ ਗੋਰਖਿਆਂ ਦੀ ਜਾਨ ਗਈ ਸੀ ਪਰ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਿਆ। ਉਨ੍ਹਾਂ ਮਮਤਾ ਬੈਨਰਜੀ ਸਰਕਾਰ ’ਤੇ ਦੋਸ਼ ਲਾਇਆ ਕਿ ਪਿਛਲੇ ਕੁਝ ਸਮੇਂ ਦੌਰਾਨ ਕਈ ਗੋਰਖਿਆਂ ਦੀ ਮੌਤ ਲਈ ਉਹ ਜ਼ਿੰਮੇਵਾਰ ਹੈ। ‘ਜੈ ਸ੍ਰੀਰਾਮ ਅਤੇ ਜੈ ਗੋਰਖਾ’ ਦੇ ਨਾਅਰਿਆਂ ਵਿਚਕਾਰ ਉਨ੍ਹਾਂ ਕਿਹਾ ਕਿ ਉਹ ਵਿਸ਼ੇਸ਼ ਜਾਂਚ ਟੀਮ ਬਣਾਉਣਗੇ ਅਤੇ ਜ਼ਿੰਮੇਵਾਰ ਵਿਅਕਤੀਆਂ ਨੂੰ ਸਲਾਖਾਂ ਪਿੱਛੇ ਸੁੱਟਣਗੇ। ਬਾਅਦ ’ਚ ਧੂਪਗੁੜੀ ਹਲਕੇ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਐਲਾਨ ਕੀਤਾ ਕਿ ਭਾਜਪਾ ਬੰਗਾਲ ’ਚ ਪਹਿਲੇ ਚਾਰ ਗੇੜਾਂ ਦੌਰਾਨ 92 ਤੋਂ 135 ਸੀਟਾਂ ’ਤੇ ਅੱਗੇ ਹੈ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਭਗਵਾਂ ਪਾਰਟੀ ਨੂੰ 200 ਤੋਂ ਵੱਧ ਸੀਟਾਂ ’ਤੇ ਜਿਤਾ ਕੇ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਵਿਦਾਈ ਦਿੱਤੀ ਜਾਵੇ। ਮਮਤਾ ਵੱਲੋਂ ਆਪਣੇ ਭਾਸ਼ਨਾਂ ’ਚ ਬੰਗਾਲ ਨਾਲੋਂ ਉਨ੍ਹਾਂ ਦਾ ਨਾਮ ਲਏ ਜਾਣ ’ਤੇ ਸ਼ਾਹ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਨੇ ਸੂਬੇ ਬਾਰੇ ਗੱਲ ਕੀਤੀ ਹੁੰਦੀ ਤਾਂ ਉਨ੍ਹਾਂ ਦੇ ਦੁਬਾਰਾ ਚੋਣਾਂ ਜਿੱਤਣ ਦੇ ਮੌਕੇ ਬਣ ਸਕਦੇ ਸਨ। ਅਸਤੀਫ਼ਾ ਆਪਣੀ ਜੇਬ ’ਚ ਰੱਖੇ ਹੋਣ ਦਾ ਦਾਅਵਾ ਕਰਦਿਆਂ ਗ੍ਰਹਿ ਮੰਤਰੀ ਨੇ ਰੈਲੀ ’ਚ ਲੋਕਾਂ ਤੋਂ ਪੁੱਛਿਆ ਕਿ ਕੀ ਉਹ ਸੀਤਲਕੂਚੀ ’ਚ ਕੇਂਦਰੀ ਬਲਾਂ ਦੀ ਗੋਲੀ ਨਾਲ ਮਾਰੇ ਗਏ ਚਾਰ ਵਿਅਕਤੀਆਂ ਦੇ ਮੁੱਦੇ ’ਤੇ ਉਨ੍ਹਾਂ ਦਾ ਅਸਤੀਫ਼ਾ ਚਾਹੁੰਦੇ ਹਨ ਤਾਂ ਲੋਕਾਂ ਨੇ ਨਾਂਹ ’ਚ ਹੁੰਗਾਰਾ ਭਰਿਆ। -ਪੀਟੀਆਈ