ਕੋਲਕਾਤਾ, 9 ਸਤੰਬਰ
ਤ੍ਰਿਣਮੂਲ ਕਾਂਗਰਸ ਨੇ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ’ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਨੂੰ ਦੇਸ਼ ਦਾ ਸਭ ਤੋਂ ਵੱਡਾ ‘ਪੱਪੂ’ ਦੱਸਿਆ ਹੈ। ਇਸ ਪਾਰਟੀ ਦੇ ਕਾਰਕੁਨਾਂ ਨੇ ਅਮਿਤ ਸ਼ਾਹ ਦੇ ਕਾਰਟੂਨ ਵਾਲੀਆਂ ਟੀ-ਸ਼ਰਟਾਂ ਪਾ ਕੇ ਭਾਜਪਾ ਖ਼ਿਲਾਫ ਭੜਾਸ ਕੱਢੀ ਹੈ। ਦੱਸਣਾ ਬਣਦਾ ਹੈ ਕਿ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਤ੍ਰਿਣਮੂਲ ਕਾਂਗਰਸ ਦੇ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਕੋਲੋਂ ਪੁੱਛਗਿੱਛ ਕੀਤੀ ਸੀ ਜਿਸ ਤੋਂ ਬਾਅਦ ਪਾਰਟੀ ਦੇ ਜਨਰਲ ਸਕੱਤਰ ਨੇ ਅਮਿਤ ਸ਼ਾਹ ਨੂੰ ਭਾਰਤ ਦਾ ਸਭ ਤੋਂ ਵੱਡਾ ਪੱਪੂ ਆਖਿਆ ਸੀ। ਇਸ ਤੋਂ ਬਾਅਦ ਪਾਰਟੀ ਕਾਰਕੁਨਾਂ ਨੂੰ ਇਸ ਬਾਰੇ ਵੱਧ ਤੋਂ ਵੱਧ ਪ੍ਰਚਾਰ ਕਰਨ ਲਈ ਕਿਹਾ ਗਿਆ। ਤ੍ਰਿਣਮੂਲ ਕਾਂਗਰਸ ਨੇ ਵੱਡੀ ਗਿਣਤੀ ਵਿਚ ਟੀ ਸ਼ਰਟਾਂ ਤਿਆਰ ਕਰਵਾਈਆਂ ਹਨ ਜਿਸ ਵਿਚ ਅਮਿਤ ਸ਼ਾਹ ਦੇ ਮੂੰਹ ਦਾ ਪੋਸਟਰ ਛਪਿਆ ਹੈ ਤੇ ਉਸ ’ਤੇ ਲਿਖਿਆ ਹੈ ਦੇਸ਼ ਦਾ ਸਭ ਤੋਂ ਵੱਡਾ ‘ਪੱਪੂ’। ਪਾਰਟੀ ਵਲੋਂ ਇਹ ਟੀ ਸ਼ਰਟਾਂ ਅਕਤੂਬਰ ਮਹੀਨੇ ਵਿਚ ਦੁਰਗਾ ਪੂਜਾ ਮੌਕੇ ਵੰਡੀਆਂ ਜਾਣਗੀਆਂ।