ਅਗਰਤਲਾ, 20 ਜੂਨ
ਤ੍ਰਿਪੁਰਾ ਦੇ ਅਗਰਤਲਾ ਵਿਧਾਨ ਸਭਾ ਹਲਕੇ ’ਚ ਹੋਣ ਵਾਲੀ ਜ਼ਿਮਨੀ ਚੋਣ ਲਈ ਕਾਂਗਰਸ ਦੇ ਉਮੀਦਵਾਰ ਸੁਦੀਪ ਰਾਏ ਬਰਮਨੇ ’ਤੇ ਉਜਾਨ ਅਭੈਨਗਰ ਵਿੱਚ ਕੁਝ ਬਦਮਾਸ਼ਾਂ ਨੇ ਇੱਟਾਂ ਨਾਲ ਹਮਲਾ ਕਰ ਦਿੱਤਾ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ। ਪਾਰਟੀ ਦੇ ਇੱਕ ਨੇਤਾ ਨੇ ਦੱਸਿਆ ਕਿ ਸਾਬਕਾ ਮੰਤਰੀ ਅਤੇ ਪੰਜ ਵਾਰ ਵਿਧਾਇਕ ਰਹੇ ਸੁਦੀਪ ਰਾਏ ਬਰਮਨ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਅਤੇ ਉਹ ਖ਼ਤਰੇ ਤੋਂ ਬਾਹਰ ਹਨ। ਇੱਕ ਪੁਲੀਸ ਅਧਿਕਾਰੀ ਦੇ ਅਨੁਸਾਰ, ਘਟਨਾ ਐਤਵਾਰ ਦੇਰ ਰਾਤ ਉਦੋਂ ਵਾਪਰੀ ਜਦੋਂ ਰਾਏ ਬਰਮਨ ਕਾਂਗਰਸੀ ਵਰਕਰ ਆਲੋਕ ਗੋਸਵਾਮੀ ਨੂੰ ਮਿਲਣ ਗਏ ਸਨ। ਉੱਥੇ ਨੌਜਵਾਨਾਂ ਦੇ ਇੱਕ ਸਮੂਹ ਨੇ ਹਮਲਾ ਕਰ ਦਿੱਤਾ। ਅਭੈਨਗਰ ਚੌਕੀ ਦੇ ਇੰਚਾਰਜ ਉੱਤਮ ਪਾਲ ਨੇ ਦੱਸਿਆ, ‘‘ਇਹ ਨੌਜਵਾਨ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਵਰਕਰ ਗੋਸਵਾਮੀ ਦੇ ਘਰ ਦੇ ਬਾਹਰ ਇਕੱਠੇ ਹੋਏ ਸਨ। ਗੋਸਵਾਮੀ ਹਾਲ ਵਿੱਚ ਹੀ ਕਾਂਗਰਸ ਵਿੱਚ ਸ਼ਾਮਲ ਹੋਏ ਹਨ।’’ -ਏਜੰਸੀ