ਅਗਰਤਲਾ, 12 ਅਗਸਤ
ਪੱਛਮੀ ਤ੍ਰਿਪੁਰਾ ਵਿੱਚ ਅਣਪਛਾਤੇ ਅਨਸਰਾਂ ਦੇ ਇੱਕ ਗਰੁੱਪ ਕੀਤੇ ਹਮਲੇ ’ਚ ਕਾਂਗਰਸੀ ਵਿਧਾਇਕ ਸੁਦੀਪ ਰੌਏ ਬਰਮਨ ਅਤੇ ਸੂਬਾ ਇਕਾਈ ਦੇ ਵਰਕਿੰਗ ਪ੍ਰੈਜ਼ੀਡੈਂਟ ਸੁਸ਼ਾਂਤ ਚਕਰਵਰਤੀ ਸਣੇ ਪਾਰਟੀ ਦੇ ਚਾਰ ਨੇਤਾ ਜ਼ਖਮੀ ਹੋ ਗਏ। ਇਹ ਜਾਣਕਾਰੀ ਅੱਜ ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਦਿੱਤੀ। ਉਨ੍ਹਾਂ ਦੱਸਿਆ ਇਹ ਘਟਨਾ ਵੀਰਵਾਰ ਰਾਤ ਨੂੰ ਰਾਨੀਰ ਬਾਜ਼ਾਰ ਇਲਾਕੇ ਵਿੱਚ ਵਾਪਰੀ। ਉਨ੍ਹਾਂ ਦੱਸਿਆ ਕਿ ਬਰਮਨ ਅਤੇ ਚਕਰਵਰਤੀ ਸਣੇ ਇੱਕ ਹੋਰ ਆਗੂ ਸੁਮਨ ਸਾਹਾ ਨੂੰ ਇੱਥੇ ਜੀਬੀਪੀ ਹਸਪਤਾਲ ਲਿਜਾਇਆ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਵੀਰਵਾਰ ਤੱਕ ਇਸ ਮਾਮਲੇ ’ਚ ਕੋਈ ਵੀ ਐੱਫਆਈਆਰ ਦਰਜ ਨਹੀਂ ਕੀਤੀ ਗਈ ਸੀ। ਕਾਂਗਰਸ ਨੇਤਾ ਰਾਨੀਰ ਬਾਜ਼ਾਰ ਵਿੱਚ ਰੈਲੀ ਕਰਨ ਗਏ ਸਨ, ਜਿਸ ਦੀ ਪੁਲੀਸ ਤੋਂ ਆਗਿਆ ਨਹੀਂ ਲਈ ਗਈ ਸੀ। ਇਸੇ ਦੌਰਾਨ ਕਾਂਗਰਸੀ ਨੇਤਾਵਾਂ ’ਤੇ ਹਮਲਾ ਹੋ ਗਿਆ। ਕਾਂਗਰਸ ਪਾਰਟੀ ਦੇ ਮੈਂਬਰਾਂ ਨੇ ਕਥਿਤ ਦੋਸ਼ ਲਾਇਆ ਕਿ ਇਹ ਹਮਲਾ ‘ਭਾਜਪਾ ਵੱਲੋਂ ਸਪਾਂਸਰ ਗੁੰਡਿਆਂ’ ਵੱਲੋਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹਮਲੇ ਵਿੱਚ ਪਾਰਟੀ ਦੇ ਘੱਟੋ ਘੱਟ 12 ਨੇਤਾ ਤੇ ਵਰਕਰ ਜ਼ਖ਼ਮੀ ਹੋਏ ਹਨ। ਤ੍ਰਿਪੁਰਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੀਡੀਆ ਇੰਚਾਰਜ ਅਸ਼ੀਸ਼ ਸਾਹਾ ਨੇ ਕਿਹਾ ਕਿ ਪਾਰਟੀ ਦਾ ਕਾਨੂੰਨੀ ਸੈੱਲ ਇਸ ਸਬੰਧੀ ਪੁਲੀਸ ਨੂੰ ਸ਼ਿਕਾਇਤ ਦਰਜ ਕਰਵਾਏਗਾ। -ਪੀਟੀਆਈ