ਮੁੰਬਈ, 13 ਨਵੰਬਰ
ਮਹਾਰਾਸ਼ਟਰ ਦੇ ਅਮਰਾਵਤੀ ਸ਼ਹਿਰ ‘ਚ ਅੱਜ ਭਗਵਾ ਸੰਗਠਨ ਵਲੋਂ ਕੀਤੇ ਬੰਦ ਦੌਰਾਨ ਭੀੜ ਨੇ ਪਥਰਾਅ ਕੀਤਾ ਅਤੇ ਦੁਕਾਨਾਂ ਨੂੰ ਨੁਕਸਾਨ ਪਹੁੰਚਾਇਆ, ਜਿਸ ਤੋਂ ਬਾਅਦ ਪੁਲੀਸ ਨੂੰ ਪ੍ਰਦਰਸ਼ਨਕਾਰੀਆਂ ‘ਤੇ ਲਾਠੀਚਾਰਜ ਕਰਨਾ ਪਿਆ। ਇਸ ਦੌਰਾਨ ਅਮਰਾਵਤੀ ਵਿੱਚ ਹਿੰਸਕ ਪ੍ਰਦਰਸ਼ਨਾਂ ਤੋਂ ਬਾਅਦ ਪੁਲੀਸ ਨੇ ਚਾਰ ਦਿਨ ਲਈ ਕਰਫਿਊ ਲਗਾ ਦਿੱਤਾ ਹੈ ਤੇ ਇੰਟਰਨੈੱਟ ਬੰਦ ਕਰ ਦਿੱਤਾ ਹੈ। ਇਹ ਘਟਨਾ ਤ੍ਰਿਪੁਰਾ ‘ਚ ਫਿਰਕੂ ਹਿੰਸਾ ਦੇ ਵਿਰੋਧ ‘ਚ ਸ਼ੁੱਕਰਵਾਰ ਨੂੰ ਅਮਰਾਵਤੀ ਸ਼ਹਿਰ ‘ਚ ਮੁਸਲਿਮ ਸੰਗਠਨਾਂ ਵਲੋਂ ਕੀਤੀਆਂ ਰੈਲੀਆਂ ਦੌਰਾਨ ਪੱਥਰਬਾਜ਼ੀ ਦੀਆਂ ਘਟਨਾਵਾਂ ਖ਼ਿਲਾਫ਼ ਭਗਵਾ ਸੰਗਠਨ ਦੇ ਬੰਦ ਦੌਰਾਨ ਹੋਈ। ਰਾਜ ਦੀ ਰਾਜਧਾਨੀ ਤੋਂ 670 ਕਿਲੋਮੀਟਰ ਦੂਰ ਇਸ ਪੂਰਬੀ ਮਹਾਰਾਸ਼ਟਰ ਸ਼ਹਿਰ ਦੇ ਰਾਜਕਮਲ ਚੌਕ ਖੇਤਰ ਵਿੱਚ ਸੈਂਕੜੇ ਲੋਕ ਨਾਅਰੇਬਾਜ਼ੀ ਕਰਦੇ ਹੋਏ ਸੜਕਾਂ ‘ਤੇ ਆ ਗਏ। ਕਈਆਂ ਦੇ ਹੱਥਾਂ ਵਿੱਚ ਭਗਵੇ ਝੰਡੇ ਸਨ।