ਦੇਹਰਾਦੂਨ: ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੂੰ ਅੱਜ ਕੇਦਾਰਨਾਥ ਵਿਚ ਤੀਰਥ ਪੁਰੋਹਿਤਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਤੇ ਉਹ ਬਿਨਾਂ ਦਰਸ਼ਨ ਹੀ ਵਾਪਸ ਪਰਤ ਆਏ। ਚਾਰਧਾਮ ਦੇਵਸਥਾਨਮ ਬੋਰਡ ਰਾਵਤ ਦੇ ਕਾਰਜਕਾਲ ਦੌਰਾਨ ਬਣਾਇਆ ਗਿਆ ਸੀ ਤੇ ਇਸ ਨੂੰ ਲੈ ਕੇ ਹੀ ਪੁਰੋਹਿਤ ਰਾਵਤ ਨਾਲ ਗੁੱਸੇ ਸਨ। ਉਨ੍ਹਾਂ ਸਾਬਕਾ ਮੁੱਖ ਮੰਤਰੀ ਨੂੰ ਕਾਲੇ ਝੰਡੇ ਦਿਖਾਏ ਤੇ ਨਾਅਰੇਬਾਜ਼ੀ ਕੀਤੀ। ਜਿਵੇਂ ਹੀ ਰਾਵਤ ਹੈਲੀਪੈਡ ਵੱਲ ਮੁੜੇ ਪੁਜਾਰੀਆਂ ਨੇ ‘ਤ੍ਰਿਵੇਂਦਰ ਰਾਵਤ ਮੁਰਦਾਬਾਦ, ਤੀਰਥ ਪੁਰੋਹਿਤ ਏਕਤਾ ਜ਼ਿੰਦਾਬਾਦ ਦੇ ਨਾਅਰੇ ਲਾਏ।’ ਚਾਰਧਾਮ ਦੇ ਪੁਜਾਰੀ ਸ਼ੁਰੂ ਤੋਂ ਹੀ ਇਸ ਬੋਰਡ ਦਾ ਵਿਰੋਧ ਕਰ ਰਹੇ ਸਨ ਜਿਸ ਦੀ ਸਥਾਪਨਾ ਕਾਨੂੰਨ ਬਣਾ ਕੇ ਕੀਤੀ ਗਈ ਸੀ। ਉਹ ਮਹਿਸੂਸ ਕਰਦੇ ਹਨ ਕਿ ਬੋਰਡ ਮੰਦਰਾਂ ਉਤੇ ਉਨ੍ਹਾਂ ਦੇ ਰਵਾਇਤੀ ਹੱਕਾਂ ਨੂੰ ਖੋਹਣ ਲਈ ਬਣਾਇਆ ਗਿਆ ਹੈ। ਉਹ ਇਸ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ। -ਪੀਟੀਆਈ