* ਪੈਟਰੋਲਿੰਗ ਸ਼ਡਿਊਲ ਬਾਰੇ ਬ੍ਰਿਗੇਡੀਅਰ ਪੱਧਰ ਦੇ ਅਧਿਕਾਰੀ ਲੈਣਗੇ ਫੈਸਲਾ
ਨਵੀਂ ਦਿੱਲੀ, 30 ਅਕਤੂਬਰ
ਭਾਰਤੀ ਫੌਜ ਵਿਚਲੇ ਸੂਤਰਾਂ ਨੇ ਕਿਹਾ ਕਿ ਭਾਰਤੀ ਤੇ ਚੀਨੀ ਫੌਜੀ ਭਲਕੇ ਦੀਵਾਲੀ ਮੌਕੇ ਇਕ ਦੂਜੇ ਨੂੰ ਮਠਿਆਈਆਂ ਦੇਣਗੇ। ਉਂਝ ਅਜੇ ਤੱਕ ਇਹ ਸਪਸ਼ਟ ਨਹੀਂ ਕਿ ਮਠਿਆਈਆਂ ਦਾ ਅਦਾਨ ਪ੍ਰਦਾਨ ਕਿਸ ਥਾਂ ਉੱਤੇ ਹੋਵੇਗਾ। ਹਾਲਾਂਕਿ ਰਵਾਇਤ ਮੁਤਾਬਕ ਭਾਰਤ ਤੇ ਚੀਨ ਦੇ ਸੁਰੱਖਿਆ ਦਸਤੇ ਪੂਰਬੀ ਲੱਦਾਖ ਸਣੇ ਅਸਲ ਕੰਟਰੋਲ ਰੇਖਾ ਦੇ ਨਾਲ ਕਈ ਸਰਹੱਦੀ ਚੌਕੀਆਂ ’ਤੇ ਤਿਓਹਾਰਾਂ ਤੇ ਹੋਰ ਅਹਿਮ ਮੌਕਿਆਂ ਉੱਤੇ ਇਕ ਦੂਜੇ ਦਾ ਮੂੰਹ ਮਿੱਠਾ ਕਰਵਾਉਂਦੇ ਹਨ। ਇਸ ਦੌਰਾਨ ਸੂਤਰਾਂ ਨੇ ਪੂਰਬੀ ਲੱਦਾਖ ਵਿਚ ਟਕਰਾਅ ਵਾਲੇ ਦੋ ਖੇਤਰਾਂ ਡੈਮਚੌਕ ਤੇ ਦੇਪਸਾਂਗ ਵਿਚੋਂ ਭਾਰਤ ਤੇ ਚੀਨ ਦੀਆਂ ਫੌਜਾਂ ਪਿੱਛੇ ਹਟਾਉਣ ਦਾ ਅਮਲ ਪੂਰਾ ਹੋਣ ਦਾ ਦਾਅਵਾ ਕੀਤਾ ਹੈ। ਸੂਤਰਾਂ ਮੁਤਾਬਕ ਜਲਦੀ ਹੀ ਇਨ੍ਹਾਂ ਖੇਤਰਾਂ ਵਿਚ ਗਸ਼ਤ ਸ਼ੁਰੂ ਹੋ ਜਾਵੇਗੀ। ਪੈਟਰੋਲਿੰਗ ਸ਼ਡਿਊਲ ਬਾਰੇ ਫੈਸਲਾ ਬ੍ਰਿਗੇਡੀਅਰ ਪੱਧਰ ਦੇ ਅਧਿਕਾਰੀ ਲੈਣਗੇ।
ਭਾਰਤੀ ਥਲ ਸੈਨਾ ਵਿਚਲੇ ਸੂਤਰ ਨੇ ਕਿਹਾ ਕਿ ਭਾਰਤੀ ਤੇ ਚੀਨੀ ਫੌਜਾਂ ਨੇ ਟਕਰਾਅ ਵਾਲੇ ਦੋਵਾਂ ਖੇਤਰਾਂ ’ਚੋਂ ਫੌਜਾਂ ਪਿੱਛੇ ਹਟਾਉਣ ਦਾ ਅਮਲ ਪੂਰਾ ਕਰ ਲਿਆ ਹੈ ਤੇ ਜਲਦੀ ਹੀ ਇਨ੍ਹਾਂ ਇਲਾਕਿਆਂ ਵਿਚ ਗਸ਼ਤ ਸ਼ੁਰੂ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਗਸ਼ਤ ਵਾਲੇ ਪੁਆਇੰਟਾਂ ਦੀ ਤਸਦੀਕ ਦਾ ਅਮਲ ਜਾਰੀ ਹੈ ਤੇ ਪੈਟਰੋਲਿੰਗ ਨਾਲ ਜੁੜੀ ਰੂਪਰੇਖਾ ਬਾਰੇ ਫੈਸਲਾ ਗਰਾਊਂਡ ਕਮਾਂਡਰਾਂ ਵੱਲੋਂ ਲਿਆ ਜਾਣਾ ਹੈ। ਸੂਤਰ ਨੇ ਕਿਹਾ, ‘‘ਸਥਾਨਕ ਕਮਾਂਡਰ ਪੱਧਰ ਦੀ ਗੱਲਬਾਤ ਜਾਰੀ ਰਹੇਗੀ।’’ ਇਸ ਤੋਂ ਪਹਿਲਾਂ ਸੂਤਰਾਂ ਨੇ ਕਿਹਾ ਕਿ ਫੌਜਾਂ ਪਿੱਛੇ ਹਟਾਉਣ ਦਾ ਅਮਲ 28 ਤੋਂ 29 ਅਕਤੂਬਰ ਤੱਕ ਪੂਰਾ ਹੋ ਜਾਵੇਗਾ। ਦੀਵਾਲੀ ਮੌਕੇ ਇਕ ਦੂਜੇ ਨਾਲ ਮਠਿਆਈਆਂ ਦੇ ਲੈਣ ਦੇਣ ਬਾਰੇ ਪੁੱਛੇ ਜਾਣ ’ਤੇ ਸੂਤਰ ਨੇ ਕਿਹਾ ਕਿ ਇਹ ਫੌਜੀ ਤੇ ਕੂਟਨੀਤਕ ਪਰਿਪੇਖ ਤੋਂ ‘ਵੱਡੀ ਜਿੱਤ’ ਹੈ। -ਪੀਟੀਆਈ
ਮੋਦੀ ਤੇ ਸ਼ੀ ਵਿਚਾਲੇ ਬੈਠਕ ‘ਬਹੁਤ ਅਹਿਮ’ ਸੀ: ਚੀਨੀ ਰਾਜਦੂਤ
ਕੋਲਕਾਤਾ:
ਭਾਰਤ ਵਿਚ ਚੀਨ ਦੇ ਰਾਜਦੂਤ ਸ਼ੂ ਫਿਹੌਂਗ ਨੇ ਅੱਜ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦਰਮਿਆਨ ਰੂਸ ਦੇ ਕਜ਼ਾਨ ਵਿਚ ਬਰਿੱਕਸ ਸਿਖਰ ਵਾਰਤਾ ਤੋਂ ਪਾਸੇ ਹੋਈ ਹਾਲੀਆ ਬੈਠਕ ‘ਬਹੁਤ ਅਹਿਮ’ ਸੀ। ਇਥੇ ਮਰਚੈਂਟ ਚੈਂਬਰ ਆਫ਼ ਕਮਰਸ ਤੇ ਇੰਡਸਟਰੀ ਵੱਲੋਂ ਕਰਵਾਏ ਸਮਾਗਮ ਦੌਰਾਨ ਚੀਨੀ ਰਾਜਦੂਤ ਨੇ ਕਿਹਾ ਕਿ ਦੋਵਾਂ ਆਗੂਆਂ ਨੇ ਭਾਰਤ-ਚੀਨ ਰਿਸ਼ਤਿਆਂ ਵਿਚ ਸੁਧਾਰ ਤੇ ਇਨ੍ਹਾਂ ਨੂੰ ਵਿਕਸਤ ਕਰਨ ਬਾਰੇ ਇਕ ਸਾਂਝੀ ਸਮਝ ਉੱਤੇ ਸਹਿਮਤੀ ਬਣਾਈ ਹੈ। ਫਿਹੌਂਗ ਨੇ ਕਿਹਾ, ‘‘ਮੈਨੂੰ ਉਮੀਦ ਹੈ ਕਿ ਦੋਵਾਂ ਧਿਰਾਂ ਵਿਚ ਬਣੀ ਸਹਿਮਤੀ ਤਹਿਤ ਦੋਵਾਂ ਦੇਸ਼ਾਂ ਦੇ ਰਿਸ਼ਤੇ ਤੇਜ਼ੀ ਨਾਲ ਅੱਗੇ ਵਧਣਗੇ।’’ -ਪੀਟੀਆਈ
ਸਹਿਮਤੀ ’ਤੇ ਅਮਲ ‘ਪੜਾਅਵਾਰ’ ਢੰਗ ਨਾਲ ਜਾਰੀ: ਚੀਨ
ਪੇਈਚਿੰਗ/ਵਾਸ਼ਿੰਗਟਨ:
ਚੀਨ ਨੇ ਅੱਜ ਕਿਹਾ ਕਿ ਪੂਰਬੀ ਲੱਦਾਖ ਵਿਚ ਅਸਲ ਕੰਟਰੋਲ ਰੇਖਾ ਦੇ ਨਾਲ ਟਕਰਾਅ ਵਾਲੇ ਖੇਤਰਾਂ ਵਿਚੋਂ ਦੋਵਾਂ ਮੁਲਕਾਂ ਦੀਆਂ ਫੌਜਾਂ ਨੂੰ ਪਿੱਛੇ ਹਟਾਉਣ ਸਬੰਧੀ ਚੀਨ ਤੇ ਭਾਰਤ ਵਿਚ ਬਣੀ ‘ਸਹਿਮਤੀ’ ਨੂੰ ‘ਪੜਾਅਵਾਰ’ ਢੰਗ ਨਾਲ ਅਮਲ ਵਿਚ ਲਿਆਂਦਾ ਜਾ ਰਿਹਾ ਹੈ। ਉਧਰ ਅਮਰੀਕਾ ਨੇ ਭਾਰਤ ਚੀਨ ਸਰਹੱਦ ’ਤੇ ਤਣਾਅ ਘਟਣ ਦਾ ਸਵਾਗਤ ਕੀਤਾ ਹੈ। ਚੀਨੀ ਵਿਦੇਸ਼ ਮੰੰਤਰਾਲੇ ਦੇ ਤਰਜਮਾਨ ਲਿਨ ਜਿਆਨ ਨੇ ਪੱਤਰਕਾਰਾਂ ਦੇ ਇਕ ਸਵਾਲ ਦੇ ਜਵਾਬ ਵਿਚ ਕਿਹਾ, ‘‘ਇਸ ਵੇਲੇ ਚੀਨ ਤੇ ਭਾਰਤ ਦੇ ਮੂਹਰਲੇ ਫੌਜੀ ਦਸਤੇ ਦੋਵਾਂ ਧਿਰਾਂ ਵਿਚ ਬਣੀ ਸਹਿਮਤੀ ਨੂੰ ਪੜਾਅਵਾਰ ਢੰਗ ਨਾਲ ਲਾਗੂ ਕਰ ਰਹੇ ਹਨ।’’ ਤਰਜਮਾਨ ਨੇ ਹਾਲਾਂਕਿ ਕਿਸੇ ਤਰ੍ਹਾਂ ਦੇ ਵੇਰਵੇ ਦੇਣ ਤੋਂ ਨਾਂਹ ਕਰ ਦਿੱਤੀ। ਭਾਰਤ ਤੇ ਚੀਨ ਨੇ ਇਕ ਅਹਿਮ ਸਮਝੌਤੇ ਤਹਿਤ ਟਕਰਾਅ ਵਾਲੇ ਦੋ ਅਹਿਮ ਖੇਤਰਾਂ ਡੈਮਚੌਕ ਤੇ ਦੇਪਸਾਂਗ ਤੋਂ ਫੌਜਾਂ ਪਿੱਛੇ ਹਟਾਉਣ ਦਾ ਅਮਲ ਸ਼ੁਰੂ ਕੀਤਾ ਹੋਇਆ ਹੈ। ਮਈ 2020 ਵਿਚ ਗਲਵਾਨ ਵਾਦੀ ਵਿਚ ਸੁਰੱਖਿਆ ਬਲਾਂ ਵਿਚਾਲੇ ਹੋਈ ਹਿੰਸਕ ਝੜਪ ਮਗਰੋਂ ਏਸ਼ੀਆ ਦੇ ਦੋ ਅਹਿਮ ਮੁਲਕਾਂ ਦਰਮਿਆਨ ਤਲਖ਼ੀ ਵੱਧ ਗਈ ਸੀ। ਇਸ ਦੌਰਾਨ ਅਮਰੀਕਾ ਨੇ ਕਿਹਾ ਕਿ ਉਹ ਭਾਰਤ-ਚੀਨ ਸਰਹੱਦ ਉੱਤੇ ਤਣਾਅ ਵਿਚ ਆਈ ਕਮੀ ਦਾ ਸਵਾਗਤ ਕਰਦਾ ਹੈ। ਅਮਰੀਕੀ ਵਿਦੇਸ਼ ਵਿਭਾਗ ਦੇ ਤਰਜਮਾਨ ਮੈਥਿਊ ਮਿੱਲਰ ਨੇ ਕਿਹਾ, ‘‘ਅਸੀਂ ਦੋਵਾਂ ਮੁਲਕਾਂ ਵਿਚ ਜਾਰੀ ਗੱਲਬਾਤ ਦੇ ਅਮਲ ਨੂੰ ਨੇੜਿਓਂ ਵਾਚ ਰਹੇ ਹਾਂ। ਅਸੀਂ ਸਮਝਦੇ ਹਾਂ ਕਿ ਦੋਵਾਂ ਦੇਸ਼ਾਂ ਨੇ ਅਸਲ ਕੰਟਰੋਲ ਰੇਖਾ ਦੇ ਨਾਲ ਟਕਰਾਅ ਵਾਲੇ ਖੇਤਰਾਂ ’ਚੋਂ ਫੌਜਾਂ ਵਾਪਸ ਸੱਦਣ ਦੀ ਪਹਿਲਕਦਮੀ ਕੀਤੀ ਹੈ। ਅਸੀਂ ਸਰਹੱਦ ’ਤੇ ਤਣਾਅ ਘਟਣ ਦਾ ਸਵਾਗਤ ਕਰਦੇ ਹਾਂ।’’ -ਪੀਟੀਆਈ