ਨੋਇਡਾ: ਉੱਘੇ ਟੀਵੀ ਪੱਤਰਕਾਰ ਅਤੇ ਆਜ ਤੱਕ ਚੈਨਲ ਦੇ ਕਾਰਜਕਾਰੀ ਸੰਪਾਦਕ ਰੋਹਿਤ ਸਰਦਾਨਾ (41) ਦਾ ਅੱਜ ਇਥੇ ਹਸਪਤਾਲ ’ਚ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਹ ਕੁਝ ਦਿਨ ਪਹਿਲਾਂ ਕਰੋਨਾ ਹੋਣ ਕਰਕੇ ਹਸਪਤਾਲ ਭਰਤੀ ਹੋਇਆ ਸੀ। ਉਸ ਦੇ ਪਰਿਵਾਰ ’ਚ ਮਾਪੇ, ਪਤਨੀ ਅਤੇ ਦੋ ਧੀਆਂ ਹਨ। ਉਸ ਦਾ ਸਸਕਾਰ ਗ੍ਰਹਿ ਨਗਰ ਕੁਰੂਕਸ਼ੇਤਰ ’ਚ ਕੀਤਾ ਜਾਵੇਗਾ। ਰੋਹਿਤ ਸਰਦਾਨਾ ਦੇ ਦੇਹਾਂਤ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਕਾਂਗਰਸ ਆਗੂ ਰਾਹੁਲ ਗਾਂਧੀ, ਰਣਦੀਪ ਸਿੰਘ ਸੁਰਜੇਵਾਲਾ ਅਤੇ ਜੈਵੀਰ ਸ਼ੇਰਗਿੱਲ ਸਮੇਤ ਕਈ ਹੋਰਾਂ ਨੇ ਦੁੱਖ ਪ੍ਰਗਟਾਇਆ ਹੈ। ਆਜ ਤੱਕ ਅਤੇ ਇੰਡੀਆ ਟੁਡੇ ਦੇ ਨਿਊਜ਼ ਡਾਇਰੈਕਟਰ ਰਾਹੁਲ ਕੰਵਲ ਨੇ ਕਿਹਾ ਕਿ ਉਸ ਦੇ ਸਾਥੀ ਸਦਮੇ ’ਚ ਹਨ ਅਤੇ ਸਰਦਾਨਾ ਨੂੰ ਤੇਜ਼-ਤਰਾਰ ਨੌਜਵਾਨ ਐਂਕਰ ਵਜੋਂ ਹਮੇਸ਼ਾ ਯਾਦ ਕੀਤਾ ਜਾਵੇਗਾ ਜੋ ਕੋਈ ਵੀ ਸਵਾਲ ਪੁੱਛਣ ਤੋਂ ਕਦੇ ਵੀ ਗੁਰੇਜ਼ ਨਹੀਂ ਕਰਦਾ ਸੀ। ਰੋਹਿਤ ਸਰਦਾਨਾ ਨੇ ਜ਼ੀ ਨਿਊਜ਼ ਛੱਡਣ ਤੋਂ ਬਾਅਦ 2017 ’ਚ ਆਜ ਤੱਕ ’ਚ ਜੁਆਇਨ ਕੀਤਾ ਸੀ। ਆਜ ਤੱਕ ’ਤੇ ਉਸ ਦਾ ਡਬਿੇਟ ਸ਼ੋਅ ‘ਦੰਗਲ’ ਕਾਫ਼ੀ ਮਸ਼ਹੂਰ ਸੀ। ਉਸ ਨੂੰ 2018 ’ਚ ਗਣੇਸ਼ ਵਿਦਿਆਰਥੀ ਪੁਰਸਕਾਰ ਨਾਲ ਸਨਮਾਨਿਆ ਗਿਆ ਸੀ। -ਏਜੰਸੀ