ਨਵੀਂ ਦਿੱਲੀ,14 ਅਗਸਤ
ਟਵਿੱਟਰ ਨੇ ਰਾਹੁਲ ਗਾਂਧੀ, ਕਾਂਗਰਸ ਪਾਰਟੀ ਅਤੇ ਉਸ ਦੇ ਹੋਰ ਆਗੂਆਂ ਦੇ ਖਾਤੇ ਅੱਜ ਬਹਾਲ ਕਰ ਦਿੱਤੇ ਹਨ। ਜਬਰ-ਜਨਾਹ ਦੀ ਕਥਿਤ ਪੀੜਤਾ ਦੇ ਪਰਿਵਾਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕਰਨ ’ਤੇ ਕਾਂਗਰਸ ਦੇ ਟਵਿੱਟਰ ਹੈਂਡਲ, ਰਾਹੁਲ ਅਤੇ ਪਾਰਟੀ ਦੇ ਹੋਰ ਆਗੂਆਂ ਦੇ ਖਾਤੇ ਬਲਾਕ ਕਰ ਦਿੱਤੇ ਗਏ ਸਨ। ਟਵਿੱਟਰ ਨੇ ਦਾਅਵਾ ਕੀਤਾ ਸੀ ਕਿ ਕਾਂਗਰਸ ਪਾਰਟੀ ਅਤੇ ਉਸ ਦੇ ਆਗੂਆਂ ਨੇ ਨੇਮਾਂ ਦੀ ਉਲੰਘਣਾ ਕੀਤੀ ਹੈ। ਕਾਂਗਰਸ ਨੇ ਟਵੀਟ ਕਰਕੇ ਸਭ ਤੋਂ ਪਹਿਲਾਂ ਬਿਆਨ ਦਿੰਦਿਆਂ ਕਿਹਾ,‘ਸਤਿਆਮੇਵ ਜਯਤੇ’ ਯਾਨੀ ਸੱਚਾਈ ਦੀ ਹਮੇਸ਼ਾ ਜਿੱਤ ਹੁੰਦੀ ਹੈ। ਖਾਤੇ ਬਹਾਲ ਹੋਣ ਤੋਂ ਬਾਅਦ ਕਾਂਗਰਸ ਪਾਰਟੀ ਅਤੇ ਕੁਝ ਆਗੂਆਂ ਨੇ ਹੈਸ਼ਟੈਗ ‘ਟਵਿੱਟਰ ਦੇ ਪਾਖੰਡ ਖ਼ਿਲਾਫ਼ ਆਵਾਜ਼ ਬੁਲੰਦ ਕਰੋ’ ਮੁਹਿੰਮ ਚਲਾ ਦਿੱਤੀ। ਇਕ ਕਾਂਗਰਸ ਆਗੂ ਨੇ ਕਿਹਾ ਕਿ ਟਵਿੱਟਰ ਤੋਂ ਭਾਰਤ ਦੇ ਲੋਕ ਜਵਾਬਦੇਹੀ ਦੀ ਮੰਗ ਕਰਦੇ ਹਨ। ਉਨ੍ਹਾਂ ਟਵਿੱਟਰ ਨੂੰ ਕਿਹਾ ਕਿ ਮੋਦੀ ਸਰਕਾਰ ਦੇ ਡਰ ਕਾਰਨ ਸਿਆਸਤ ’ਚ ਦਖ਼ਲ ਦੇਣ ਤੋਂ ਗੁਰੇਜ਼ ਕੀਤਾ ਜਾਵੇ। ਕਈ ਕਾਂਗਰਸ ਆਗੂਆਂ ਨੇ ਟਵੀਟ ਕਰਕੇ ਕਿਹਾ ਕਿ ਮੋਦੀ ਸਰਕਾਰ ਦੇ ਦਬਾਅ ਹੇਠ ਭਾਰਤੀਆਂ ਦੀ ਆਵਾਜ਼ ਦਬਾਉਣੀ ਬੰਦ ਕੀਤੀ ਜਾਵੇ। ‘ਭਾਜਪਾ ਤੋਂ ਨਾ ਡਰੋ ਅਤੇ ਨਿਆਂ ਮੰਗਣ ਵਾਲੇ ਸਾਰੇ ਖਾਤੇ ਬਹਾਲ ਕੀਤੇ ਜਾਣ।’ ਇਸ ਦੌਰਾਨ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲ ਨਾਥ ਨੇ ਕਿਹਾ ਕਿ ਟਵਿੱਟਰ ਵੀ ਸਿਆਸਤ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਆਗੂਆਂ ਦਾ ਟਵਿੱਟਰ ਖਾਤਾ ਬੰਦ ਕਰਨਾ ਗੈਰਕਾਨੂੰਨੀ ਕਦਮ ਹੈ। ਉਧਰ ਟਵਿੱਟਰ ਨੇ ਆਪਣੇ ਭਾਰਤ ’ਚ ਮੁਖੀ ਮਨੀਸ਼ ਮਹੇਸ਼ਵਰੀ ਨੂੰ ਅਮਰੀਕਾ ’ਚ ਸੀਨੀਅਰ ਡਾਇਰੈਕਟਰ ਬਣਾ ਕੇ ਤਬਦੀਲ ਕਰ ਦਿੱਤਾ ਹੈ। ਉਸ ਖ਼ਿਲਾਫ਼ ਉੱਤਰ ਪ੍ਰਦੇਸ਼ ’ਚ ਐੱਫਆਈਆਰ ਦਰਜ ਕੀਤੀ ਗਈ ਸੀ। ਉਂਜ ਇਸ ਤਬਾਦਲੇ ਬਾਰੇ ਟਵਿੱਟਰ ਨੇ ਕੋਈ ਸਪੱਸ਼ਟ ਕਾਰਨ ਨਹੀਂ ਦੱਸਿਆ ਹੈ। -ਪੀਟੀਆਈ