ਨਵੀਂ ਦਿੱਲੀ, 13 ਜਨਵਰੀ
ਟਵਿੱਟਰ ਨੇ ਪੰਜ ਰਾਜਾਂ ਦੀਆਂ ਆਗਾਮੀ ਚੋਣਾਂ ਵਿੱਚ ਨਾਗਰਿਕਾਂ ਨੂੰ ਵੋਟ ਪਾਉਣ ਤੋਂ ਪਹਿਲਾਂ ਸਹੀ ਜਾਣਕਾਰੀ ਦੇ ਕੇ ਵਧੇਰੇ ਸਮਰੱਥ ਬਣਾਉਣ ਦੇ ਇਰਾਦੇ ਨਾਲ ਲੜੀਵਾਰ ਕਈ ਪਹਿਲਕਦਮੀਆਂ ਦਾ ਐਲਾਨ ਕੀਤਾ ਹੈ। ਯੂਪੀ, ਉੱਤਰਾਖੰਡ, ਪੰਜਾਬ, ਮਨੀਪੁਰ ਤੇ ਗੋਆ ਵਿੱਚ 10 ਫ਼ਰਵਰੀ ਤੋਂ 7 ਮਾਰਚ ਤੱਕ ਸੱਤ ਗੇੜਾਂ ਵਿੱਚ ਵੋਟਿੰਗ ਦਾ ਅਮਲ ਸਿਰੇ ਚੜ੍ਹੇਗਾ ਜਦੋਂਕਿ ਨਤੀਜਿਆਂ ਦਾ ਐਲਾਨ 10 ਮਾਰਚ ਨੂੰ ਹੋਵੇਗਾ। ਪੰਜ ਰਾਜਾਂ ਦੀਆਂ ਚੋਣਾਂ ਦੌਰਾਨ 690 ਅਸੈਂਬਲੀ ਹਲਕਿਆਂ ਲਈ ਵੋਟਾਂ ਪੈਣਗੀਆਂ ਤੇ 18.3 ਕਰੋੜ ਲੋਕ, ਜਿਨ੍ਹਾਂ ਵਿੱਚ 8.5 ਕਰੋੜ ਔਰਤਾਂ ਹਨ, ਵੋਟ ਪਾਉਣ ਲਈ ਯੋਗ ਹਨ। ਟਵਿੱਟਰ ਨੇ ਇਕ ਬਿਆਨ ਵਿੱਚ ਕਿਹਾ, ‘‘ਚੋਣਾਂ ਤਾਂ ਹੀ ਸਾਰਥਕ ਹਨ ਜਦੋਂ ਲੋਕਾਂ ਨੂੰ ਵੋਟਿੰਗ ਬਾਰੇ ਭਰੋੋਸੇਯੋਗ ਜਾਣਕਾਰੀ ਮਿਲੇ। ਉਨ੍ਹਾਂ ਨੂੰ ਉਮੀਦਵਾਰਾਂ ਤੇ ਉਨ੍ਹਾਂ ਦੇ ਚੋਣ ਮਨੋਰਥ ਪੱਤਰਾਂ ਬਾਰੇ ਪਤਾ ਲੱਗੇ। ਵੱਖ ਵੱਖ ਮੁੱਦਿਆਂ ’ਤੇ ਸਿਹਤਮੰਦ ਤੇ ਉਸਾਰੂ ਵਿਚਾਰ ਚਰਚਾ ਹੋਵੇ। ਟਵਿੱਟਰ ਵੋਟਰਾਂ ਨੂੰ ਇਹ ਜਾਣਕਾਰੀ ਦੇਣ ਲਈ ਵਚਨਬੱਧ ਹੈ।’’ ਟਵਿੱਟਰ ਨੇ ਬਿਆਨ ਵਿੱਚ ਕਿਹਾ ਕਿ ਉਹ ਇਸ ਪਹਿਲਕਦਮੀ ਵਜੋਂ ਕਸਟਮਾਈਜ਼ਡ ਇਮੋਜੀ, ਵੋਟਰ ਐਜੂਕੇਸ਼ਨ ਕੁਇਜ਼ ਲਾਂਚ ਕਰਨ ਤੋਂ ਇਲਾਵਾ ਵਿਧਾਨ ਸਭਾ ਚੋਣਾਂ ਬਾਰੇ ਭਰੋਸੇਯੋਗ ਤੇ ਅਧਿਕਾਰਤ ਜਾਣਕਾਰੀ ਦੇਣ ਲਈ ਇਨਫਰਮੇਸ਼ਨ ਸਰਚ ਪ੍ਰੌਂਪਟ ਸ਼ੁਰੂ ਕਰੇਗੀ। ਇਹ ਜਾਣਕਾਰੀ ਅੰਗਰੇਜ਼ੀ ਤੇ ਹਿੰਦੀ ਤੋਂ ਇਲਾਵਾ ਪੰਜਾਬੀ ਤੇ ਕੋਂਕਣੀ ਵਿੱਚ ਵੀ ਮੁਹੱਈਆ ਹੋਵੇਗੀ। ਇਸ ਤੋਂ ਇਲਾਵਾ ਟਵਿੱਟਰ ਵੱਲੋਂ ਪੰਜ ਰਾਜਾਂ ਵਿੱਚ ਵਰਕਸ਼ਾਪ ਤੇ ਸਿਖਲਾਈ ਸੈਸ਼ਨਾਂ ਦੀ ਮੇਜ਼ਬਾਨੀ ਵੀ ਕੀਤੀ ਜਾਵੇਗੀ। -ਪੀਟੀਆਈ