ਮੁੰਬਈ: ਇੱਥੋਂ ਦੀ ਓਸ਼ੀਵਾਰਾ ਪੁਲੀਸ ਨੇ ਅੰਧੇਰੀ ਵੈਸਟ ਦੇ ਵੀਰਾ ਦੇਸਾਈ ਰੋਡ ਸਥਿਤ ਅਦਾਕਾਰ ਅਨੁਪਮ ਖੇਰ ਦੇ ਦਫ਼ਤਰ ’ਚ ਚੋਰੀ ਦੇ ਸ਼ੱਕ ’ਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਦੱਸਿਆ ਕਿ ਇਨ੍ਹਾਂ ਦੀ ਪਛਾਣ ਮਾਜਿਦ ਸ਼ੇਖ ਤੇ ਮੁਹੰਮਦ ਦਲੇਰ ਬਹਿਰੀਮ ਖਾਨ ਵਜੋਂ ਹੋਈ ਹੈ। ਇਨ੍ਹਾਂ ਨੂੰ ਮੁੰਬਈ ਦੇ ਜੋਗੇਸ਼ਵਰੀ ਇਲਾਕੇ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਪੁਲੀਸ ਨੇ ਦੱਸਿਆ ਕਿ ਦੋਵੇਂ ਸ਼ੱਕੀ ਵਿਅਕਤੀ ਚੋਰ ਹਨ ਜੋ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਆਟੋ-ਰਿਕਸ਼ਿਆਂ ਰਾਹੀਂ ਅਪਰਾਧਾਂ ਨੂੰ ਅੰਜਾਮ ਦਿੰਦੇ ਸਨ। ਉਨ੍ਹਾਂ ਕਿਹਾ ਕਿ ਅਨੁਪਮ ਖੇਰ ਦੇ ਦਫਤਰ ’ਚ ਡਕੈਤੀ ਦੀ ਘਟਨਾ ਉਸੇ ਦਿਨ ਮੁੰਬਈ ਦੇ ਵਿਲੇ ਪਾਰਲੇ ਖੇਤਰ ਵਿੱਚ ਹੋਈ ਇਕ ਹੋਰ ਚੋਰੀ ਨਾਲ ਮੇਲ ਖਾਂਦੀ ਹੈ। ਮੁੰਬਈ ਪੁਲੀਸ ਦੇ ਅਧਿਕਾਰੀਆਂ ਅਨੁਸਾਰ ਚੋਰ ਰਾਤ ਸਮੇਂ ਅਨੁਪਮ ਖੇਰ ਦੇ ਦਫ਼ਤਰ ਵਿੱਚ ਦਾਖਲ ਹੋਏ ਅਤੇ ਲਗਭਗ 10 ਲੱਖ ਰੁਪਏ ਦੀ ਨਕਦੀ ਤੇ ਕੀਮਤੀ ਸਾਮਾਨ ਚੋਰੀ ਕਰ ਕੇ ਲੈ ਗਏ। ਅਨੁਪਮ ਖੇਰ ਨੇ ਇਸ ਘਟਨਾ ਬਾਰੇ ਇੰਸਟਾਗ੍ਰਾਮ ’ਤੇ ਜਾਣਕਾਰੀ ਦਿੱਤੀ ਸੀ। -ਏਐੱਨਆਈ