ਮੋਤੀਹਾਰੀ, 23 ਅਕਤੂਬਰ
ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਵਿਕਰਮ ਬਰਾੜ ਦੇ ਦੋ ਸਾਥੀਆਂ ਨੂੰ ਬਿਹਾਰ ਦੇ ਪੂਰਬੀ ਚੰਪਾਰਨ ਜ਼ਿਲ੍ਹੇ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਪੁਲੀਸ ਸੁਪਰਡੈਂਟ ਕਾਂਤੇਸ਼ ਕੁਮਾਰ ਮਿਸ਼ਰਾ ਨੇ ਦੱਸਿਆ ਕਿ ਸਥਾਨਕ ਨਿਵਾਸੀ ਤ੍ਰਿਭੁਵਨ ਸਾਹ ਅਤੇ ਸ਼ਸ਼ਾਂਕ ਪਾਂਡੇ ਨੂੰ ਰਕਸੌਲ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਦੇ ਕਬਜ਼ੇ ‘ਚੋਂ ਇੱਕ ਪਿਸਤੌਲ, ਕੁਝ ਗੋਲਾ ਬਾਰੂਦ ਅਤੇ ਨੇਪਾਲੀ ਕਰੰਸੀ ਬਰਾਮਦ ਕੀਤੀ ਗਈ ਹੈ। ਐਸਪੀ ਨੇ ਕਿਹਾ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਜਿਸ ਦੇ ਆਧਾਰ ’ਤੇ ਛਾਪਾ ਮਾਰਿਆ ਗਿਆ। ਉਨ੍ਹਾਂ ਕਿਹਾ ਕਿ ਸਾਹ ਸਥਾਨਕ ਨਿਵਾਸੀ ਹੈ ਜਦੋਂ ਕਿ ਪਾਂਡੇ ਪੱਛਮੀ ਚੰਪਾਰਨ ਦੇ ਨਾਲ ਲੱਗਦੇ ਜ਼ਿਲ੍ਹੇ ਨਾਲ ਸਬੰਧਤ ਹੈ। ਉਨ੍ਹਾਂ ਕਿਹਾ ਕਿ ਪਾਂਡੇ ਹਰਿਆਣਾ ਪੁਲੀਸ ਨੂੰ ਅੰਬਾਲਾ ਵਿੱਚ ਆਮ ਆਦਮੀ ਪਾਰਟੀ ਦੇ ਇੱਕ ਆਗੂ ਨੂੰ ਫੋਨ ਕਰਨ ਦੇ ਇੱਕ ਮਾਮਲੇ ਵਿੱਚ ਲੋੜੀਂਦਾ ਸੀ। ਪਾਂਡੇ ਰਾਜਸਥਾਨ ਦੇ ਚੋਮੂ ਵਿਖੇ ਇੱਕ ਗਹਿਣਿਆਂ ਦੀ ਦੁਕਾਨ ਦੀ ਲੁੱਟ ਦੇ ਮਾਮਲੇ ਵਿੱਚ ਜੇਲ੍ਹ ਵੀ ਜਾ ਚੁੱਕਿਆ ਹੈ। ਰਿਹਾਈ ਤੋਂ ਬਾਅਦ, ਉਹ ਦੁਬਈ ਭੱਜ ਗਿਆ ਸੀ, ਜਿੱਥੋਂ ਉਸ ਨੇ ‘ਆਪ’ ਆਗੂ ਨੂੰ ਫਿਰੌਤੀ ਸਬੰਧੀ ਸਬੰਧੀ ਫੋਨ ਕੀਤਾ ਸੀ। ਉਹ ਹਾਲ ਹੀ ਵਿੱਚ ਕਾਠਮੰਡੂ ਰਾਹੀਂ ਵਾਪਸ ਆਇਆ ਸੀ। ਉਨ੍ਹਾਂ ਕਿਹਾ ਕਿ ਹਰਿਆਣਾ ਪੁਲੀਸ ਨੂੰ ਗ੍ਰਿਫਤਾਰੀਆਂ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੀ ਇੱਕ ਟੀਮ ਤੈਅ ਸਮੇਂ ‘ਤੇ ਇੱਥੇ ਪਹੁੰਚ ਸਕਦੀ ਹੈ। ਜੋ ਗ੍ਰਿਫਤਾਰ ਮੁਲਜ਼ਮਾਂ ਨੂੰ ਟਰਾਂਜ਼ਿਟ ਰਿਮਾਂਡ ‘ਤੇ ਲੈ ਜਾਵੇਗੀ। -ਪੀਟੀਆਈ