ਸੀਤਾਮੜ੍ਹੀ (ਬਿਹਾਰ), 13 ਜੂਨ
ਭਾਰਤ ਵਿੱਚ ਗ਼ੈਰਕਾਨੂੰਨੀ ਤੌਰ ’ਤੇ ਦਾਖਲ ਹੋ ਕੇ ਪੰਦਰਾਂ ਕੁ ਦਿਨ ਦਿੱਲੀ-ਐੱਨਸੀਆਰ ਵਿੱਚ ਰਹਿਣ ਮਗਰੋਂ ਨੇਪਾਲ ਜਾਣ ਦੀ ਕੋਸ਼ਿਸ਼ ਕਰਦੇ ਦੋ ਚੀਨੀ ਨਾਗਰਿਕਾਂ ਨੂੰ ਬਿਹਾਰ ਵਿੱਚੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਜਾਣਕਾਰੀ ਪੁਲੀਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਦੋਵੇਂ ਚੀਨੀ ਨਾਗਰਿਕਾਂ ਨੂੰ ਬਿਹਾਰ ਵਿੱਚੋਂ ਨੇਪਾਲ ਜਾਣ ਦੀ ਕੋਸ਼ਿਸ਼ ਕਰਦੇ ਸਮੇਂ ਭਾਰਤ-ਨੇਪਾਲ ਸਰਹੱਦ ਤੋਂ ਕਾਬੂ ਕੀਤਾ ਗਿਆ। ਸੀਤਾਮੜੀ ਦੇ ਐੱਸਪੀ ਹਰਕਿਸ਼ੋਰ ਰਾਏ ਨੇ ਦੱਸਿਆ ਕਿ ਵਿਦੇਸ਼ੀ ਨਾਗਰਿਕਾਂ ਨੂੰ ਸਸ਼ਤਰ ਸੀਮਾ ਬਲ (ਐੱਸਐੱਸਬੀ) ਜਵਾਨਾਂ ਵੱਲੋਂ ਐਤਵਾਰ ਨੂੰ ਕਾਬੂ ਕੀਤਾ ਗਿਆ। ਅਧਿਕਾਰੀ ਮੁਤਾਬਕ ਲੂ ਲਾਂਗ (28) ਅਤੇ ਯੁਆਨ ਹੈਲੌਂਗ (34) ਕੋਲ ਚੀਨੀ ਪਾਸਪੋਰਟ ਸਨ ਪਰ ਵੀਜ਼ਾ ਨਹੀਂ ਸੀ। ਪੁੱਛ ਪੜਤਾਲ ਦੌਰਾਨ ਚੀਨੀ ਵਿਅਕਤੀਆਂ ਨੇ ਦੱਸਿਆ ਕਿ ਉਹ ਲਿਫਟ ਲੈ ਕੇ ਨੇਪਾਲ ਰਸਤੇ ਭਾਰਤ ਵਿੱਚ ਦਾਖਲ ਹੋਏ ਸਨ ਅਤੇ ਨੋਇਡਾ ਚਲੇ ਗਏ ਜਿੱਥੇ ਉਹ ਆਪਣੀ ਜਾਣ ਪਛਾਣ ਵਾਲੇ ਇਕ ਵਿਅਕਤੀ ਦੇ ਘਰ ਰਹੇ। ਸਸ਼ਤਰ ਸੀਮਾ ਬਲ ਵੱਲੋਂ ਜਾਰੀ ਬਿਆਨ ਮੁਤਾਬਕ ਦੋਵਾਂ ਚੀਨੀ ਨਾਗਰਿਕਾਂ ਦੇ ਮੋਬਾਈਲ ਫੋਨਾਂ ਰਿਕਾਰਡ ਅਤੇ ਹੋਰ ਸਾਮਾਨ ਦੀ ਸਰਸਰੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਉਹ ਕਿਸੇ ਵਿੱਤੀ ਧੋਖਾਧੜੀ ਕਰਨ ਵਾਲੇ ਗਰੋਹ ਦਾ ਹਿੱਸਾ ਹਨ। ਦੋਵਾਂ ਨੂੰ ਪੁਲੀਸ ਦੇ ਹਵਾਲੇ ਕਰ ਦਿੱਤਾ ਗਿਆ ਹੈ। -ਪੀਟੀਆਈ