ਬੋਕਾਰੋ (ਝਾਰਖੰਡ): ਝਾਰਖੰਡ ਦੇ ਬੋਕਾਰੋ ਜ਼ਿਲ੍ਹੇ ’ਚ ਸੀਪੀਆਈ (ਮਾਓਵਾਦੀ) ਕੇਡਰ ਨਾਲ ਮੁਕਾਬਲੇ ’ਚ ਸੀਆਰਪੀਐੱਫ ਦੇ ਦੋ ਜਵਾਨ ਗੰਭੀਰ ਜ਼ਖ਼ਮੀ ਹੋ ਗਏ। ਪੁਲੀਸ ਅਧਿਕਾਰੀ ਨੇ ਅੱਜ ਦੱਸਿਆ ਕਿ ਇਹ ਮੁਕਾਬਲਾ ਜਗੇਸ਼ਵਰ ਵਿਹਾਰ ਥਾਣੇ ਅਧੀਨ ਪੈਂਦੇ ਝੁੰਮਰ ਪਹਾੜ ਜੰਗਲ ’ਚ ਬੁੱਧਵਾਰ ਰਾਤ ਨੂੰ ਹੋਇਆ। ਉਨ੍ਹਾਂ ਦੱਸਿਆ ਕਿ ਮਾਓਵਾਦੀ ਕੈਂਪ ਹੋਣ ਇਤਲਾਹ ਮਿਲਣ ’ਤੇ ਝਾਰਖੰਡ ਪੁਲੀਸ ਅਤੇ ਸੀਆਰਪੀਐੱਫ ਵੱਲੋਂ ਸਾਂਝੀ ਮੁਹਿੰਮ ਚਲਾਈ ਗਈ ਸੀ। ਇਸੇ ਦੌਰਾਨ ਲੱਗਪਗ 50 ਮਾਓਵਾਦੀਆਂ ਨੇ ਸੁਰੱਖਿਆ ਬਲਾਂ ’ਤੇ ਗੋਲੀਬਾਰੀ ਸ਼ੁਰੂੁ ਕਰ ਦਿੱਤੀ। ਦੋਵਾਂ ਪਾਸਿਓਂ ਗੋਲਾਬਾਰੀ ਦੌਰਾਨ ਸੀਆਰਪੀਐੱਫ ਦੇ ਸਿਪਾਹੀ ਸਤੇਂਦਰ ਸਿੰਘ ਅਤੇ ਵਿਸ਼ਨੂ ਸਿੰਘ ਗੰਭੀਰ ਜ਼ਖ਼ਮੀ ਹੋ ਗਏ। ਦੋਵਾਂ ਜ਼ਖ਼ਮੀਆਂ ਨੂੰ ਰਾਂਚੀ ਦੇ ਇੱਕ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਬਣੀ ਹੋਈ ਹੈ।
-ਪੀਟੀਆਈ